ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਫ਼ਸਲ ਖਰੀਦ ਵਿਚ ਕੇਂਦਰ ਸਰਕਾਰ ਤੁਰੰਤ ਨਿਯਮਾਂ ਦੀ ਢਿੱਲ ਦੇਵੇ- ਅਮਰ ਸਿੰਘ
ਮੰਡੀ ਗੌਬਿੰਦਗੜ੍ਹ, 16 ਅਪ੍ਰੈਲ (ਮੋਹਿਤ ਸਿੰਗਲਾ)- ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨਾਲ ਵਿਤਕਰਾ ਬੰਦ ਕਰਦੇ ਹੋਏ ਹਰਿਆਣਾ ਅਤੇ ਰਾਜਸਥਾਨ ਦੀ ਤਰਜ਼ ’ਤੇ ਖ਼ਰੀਦ ਨਿਯਮਾਂ ਵਿਚ ਢਿੱਲ ਦੇ ਕੇ ਕਣਕ ਦੀ ਖ਼ਰੀਦ ਤੁਰੰਤ ਸ਼ੁਰੂ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਸੰਬੰਧ ਵਿਚ ਕੇਂਦਰੀ ਖਾਦ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਲਿਖਤੀ ਰੂਪ ਵਿਚ ਪੰਜਾਬ ਦੇ ਕਿਸਾਨਾਂ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ ਹੈ ਅਤੇ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ।
ਡਾ. ਅਮਰ ਸਿੰਘ ਨੇ ਦੱਸਿਆ ਕਿ ਮਾਰਚ ਅਤੇ ਅਪ੍ਰੈਲ ਦੇ ਸ਼ੁਰੂ ਵਿਚ ਬੇ-ਮੌਸਮੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਪੰਜਾਬ ਵਿਚ ਖੜੀ ਕਣਕ ਦੀ ਫ਼ਸਲ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਇਸ ਦਾ ਪ੍ਰਭਾਵ ਹੁਣ ਮੰਡੀਆਂ ਵਿਚ ਸਾਫ਼ ਦਿਖਾਈ ਦੇ ਰਿਹਾ ਹੈ, ਜਿਥੇ ਕਿਸਾਨ ਆਪਣੀ ਫ਼ਸਲ ਲੈ ਕੇ ਬੈਠੇ ਹਨ ਪਰ ਖ਼ਰੀਦ ਏਜੰਸੀਆਂ ਵਲੋਂ ਖਰੀਦ ਨਹੀਂ ਕੀਤੀ ਜਾ ਰਹੀ।
ਉਨ੍ਹਾਂ ਕਿਹਾ ਕਿ ਮੌਸਮੀ ਨੁਕਸਾਨ ਦੇ ਬਾਵਜੂਦ ਵੀ ਕੇਂਦਰ ਸਰਕਾਰ ਵਲੋਂ ਨਮੀ ਅਤੇ ਦਾਣਾ ਸੁੰਗੜਨ ਵਰਗੇ ਖਰੀਦ ਮਾਪਦੰਡਾਂ ਵਿਚ ਕੋਈ ਢਿੱਲ ਨਹੀਂ ਦਿੱਤੀ ਗਈ, ਜਿਸ ਕਾਰਨ ਕਿਸਾਨਾਂ ਦੀ ਫ਼ਸਲ ਮਿਆਰਾਂ ’ਤੇ ਖਰੀ ਨਾ ਉਤਰਨ ਕਰਕੇ ਖ਼ਰੀਦ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਚਿੰਤਾਜਨਕ ਗੱਲ ਹੈ।
ਡਾ. ਅਮਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਨੇ ਲੱਖਾਂ ਏਕੜ ਫ਼ਸਲ ਨੂੰ ਤਬਾਹ ਕਰ ਦਿੱਤਾ ਸੀ। ਇਸ ਤਰ੍ਹਾਂ ਪੰਜਾਬ ਦੇ ਕਿਸਾਨ ਕਣਕ ਅਤੇ ਝੋਨੇ ਦੋਹਾਂ ਮੌਸਮਾਂ ਵਿਚ ਵੱਡੇ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਅਪੀਲ ਕੀਤੀ ਕਿ ਮੌਜੂਦਾ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਤੁਰੰਤ ਖਰੀਦ ਨਿਯਮਾਂ ਵਿਚ ਰਾਹਤ ਦਿੱਤੀ ਜਾਵੇ ਅਤੇ ਸੰਬੰਧਿਤ ਏਜੰਸੀਆਂ ਨੂੰ ਮੰਡੀਆਂ ਵਿਚ ਪਈ ਫ਼ਸਲ ਦੀ ਖਰੀਦ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਫ਼ੈਸਲਾ ਨਾ ਲਿਆ ਗਿਆ ਤਾਂ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ, ਜਿਸ ਨਾਲ ਪੰਜਾਬ ਦੀ ਖੇਤੀਬਾੜੀ ਆਰਥਿਕਤਾ ’ਤੇ ਵੀ ਗੰਭੀਰ ਅਸਰ ਪਵੇਗਾ।
;
;
;
;
;
;
;
;
;