JALANDHAR WEATHER

ਮੁੱਖ ਮੰਤਰੀ ‘ਆਪ’ ਵਲੋਂ ਤਜਵੀਜ਼ ਮੀਟਿੰਗਾਂ ਪਾਰਟੀ ਖਰਚੇ ’ਤੇ ਕਰਕੇ ਵਿਖਾਉਣ- ਸੁਖਬੀਰ ਸਿੰਘ ਬਾਦਲ

ਫਿਲੌਰ, 26 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਆਮ ਆਦਮੀ ਪਾਰਟੀ (ਆਪ) ਵਲੋਂ ਐਲਾਨੀਆਂ 16000 ਮੀਟਿੰਗਾਂ ਸਰਕਾਰੀ ਖ਼ਜ਼ਾਨੇ ਦੀ ਕੀਮਤ ਦੀ ਥਾਂ ’ਤੇ ਪਾਰਟੀ ਦੇ ਖਰਚੇ ’ਤੇ ਕਰ ਕੇ ਵਿਖਾਉਣ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਸਪੱਸ਼ਟ ਹੋ ਜਾਵੇਗਾ ਕਿ ਇਹ ਪਹਿਲਕਦਮੀ ਸਿਰਫ ਭ੍ਰਿਸ਼ਟਾਚਾਰ ਤੋਂ ਪ੍ਰੇਰਿਤ ਹੈ ਨਾ ਕਿ ਪੰਜਾਬੀਆਂ ਦੀ ਭਲਾਈ ਨਾਲ ਇਸਦਾ ਕੋਈ ਸਰੋਕਾਰ ਹੈ।

ਅਕਾਲੀ ਦਲ ਦੇ ਪ੍ਰਧਾਨ ਆਪ ਸਰਕਾਰ ਵਲੋਂ ਆਪਣਾ ਝੂਠਾ ਰਿਪੋਰਟ ਕਾਰਡ ਪੰਜਾਬੀਆਂ ਅੱਗੇ ਪੇਸ਼ ਕਰਨ ਵਾਸਤੇ 16000 ਰੈਲੀਆਂ ਤੇ ਨੁੱਕੜ ਮੀਟਿੰਗਾਂ ਕਰਨ ਦੇ ਐਲਾਨ ’ਤੇ ਪ੍ਰਤੀਕਰਮ ਪ੍ਰਗਟ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਪਾਰਟੀ ਦੇ ਹਲਕਾ ਇੰਚਾਰਜ ਬਲਦੇਵ ਖਹਿਰਾ ਦੇ ਨਾਲ ਮਿਲ ਕੇ ਇਥੇ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ।

ਸ. ਬਾਦਲ ਨੇ ਕਿਹਾ ਕਿ ਆਪ ਸਰਕਾਰ ਰੈਲੀਆਂ ਕਰਨ ਤੇ ਇਸ਼ਤਿਹਾਬਾਜ਼ੀ ਵਾਸਤੇ ਉਹੀ ਤਰੀਕਾ ਅਪਣਾ ਰਹੀ ਹੈ, ਜੋ ਇਸਨੇ ਪਹਿਲਾਂ ਅਪਣਾਇਆ। ਉਨ੍ਹਾਂ ਕਿਹਾ ਕਿ ਯੋਜਨਾ ਇਹ ਹੈ ਕਿ ਸਰਕਾਰੀ ਫੰਡਾਂ ਤੋਂ ਠੇਕੇਦਾਰਾਂ ਨੂੰ ਵਾਧੂ ਪੈਸਾ ਦਿੱਤਾ ਜਾਵੇ ਅਤੇ ਫਿਰ ਕਮਿਸ਼ਨ ਵਜੋਂ 40 ਤੋਂ 50 ਫੀਸਦੀ ਵਾਪਸ ਲੈ ਲਿਆ ਜਾਵੇ।

ਸ. ਬਾਦਲ ਨੇ ਲੋਕਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਸੂਬੇ ਦੇ ਸਰਕਾਰੀ ਖ਼ਜ਼ਾਨੇ ਦੀ ਇਸ ਲੁੱਟ ਦੀ ਤੁਲਨਾ ਅਕਾਲੀ ਦਲ ਦੇ ਟਰੈਕ ਰਿਕਾਰਡ ਨਾਲ ਕਰਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਰਕਾਰ ਵਿਚ ਸੀ ਤਾਂ ਅਸੀਂ ਇਕ ਵੀ ਰੈਲੀ ਸਰਕਾਰੀ ਖ਼ਰਚੇ ’ਤੇ ਨਹੀਂ ਕੀਤੀ। ਮੌਜੂਦਾ ਸਰਕਾਰ ਨਾ ਸਿਰਫ ਸਰਕਾਰੀ ਖ਼ਰਚੇ ’ਤੇ ਸਾਰੀਆਂ ਰੈਲੀਆਂ ਕਰ ਰਹੀ ਹੈ, ਸਗੋਂ ਰੈਲੀਆਂ ਤੱਕ ਲੋਕਾਂ ਨੂੰ ਲਿਆਉਣ ਤੇ ਲਿਜਾਣ ਵਾਸਤੇ ਸਾਰਾ ਖਰਚਾ ਵੀ ਟਰਾਂਸਪੋਰਟ ਵਿਭਾਗ ਸਿਰ ਪਾਇਆ ਜਾਂਦਾ ਹੈ। ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਖੁੱਲ੍ਹੀ ਲੁੱਟ ਹੈ, ਜਿਸਨੇ ਸਾਰੀਆਂ ਹੱਦਾਂ ਟੱਪ ਦਿੱਤੀਆਂ ਹਨ। ਇਸ ਮੌਕੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਹੀਰਾ ਸਿੰਘ ਗਾਬੜੀਆ, ਕੁਲਵੰਤ ਸਿੰਘ ਮੰਨਣ, ਜਰਨੈਲ ਸਿੰਘ ਵਾਹਿਦ, ਮੋਹਣ ਸਿੰਘ ਬੰਗਾ, ਸੁਖਦੀਪ ਸਿੰਘ ਸ਼ੂਕਰ ਤੇ ਕੇ. ਐਸ. ਮੱਖਣ ਵੀ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ