ਹਾਈ ਵੋਲਟੇਜ ਤਾਰਾਂ ਬਣੀਆਂ ਮੌਤ ਦਾ ਕਾਰਨ, ਅੱਠ ਸਾਲ ਦੀ ਬੱਚੀ ਦੀ ਦਰਦਨਾਕ ਮੌਤ
ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਬੂਟਾ ਸਿੰਘ)- ਅੱਜ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਇਕ ਅੱਠ ਸਾਲਾਂ ਬੱਚੀ ਦੀ ਦਰਦਨਾਕ ਮੌਤ ਹੋ ਗਈ। ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਲੰਬੀ ਢਾਬ ਦਾ ਹੈ, ਜਿਥੇ ਕਬਰਵਾਲੇ ਦੇ ਰਹਿਣ ਵਾਲੇ ਸਰਵਣ ਸਿੰਘ ਨੇ ਆਪਣੀ ਨਵੀਂ ਕਰਿਆਨੇ ਦੀ ਦੁਕਾਨ ਬਣਾਈ ਹੋਈ ਸੀ। ਇਸ ਦੁਕਾਨ ਦੇ ਉੱਪਰੋਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘਦੀਆਂ ਸਨ, ਜੋ ਪਹਿਲਾਂ ਬਾਂਸ ਦੀਆਂ ਡਾਂਗਾਂ ਨਾਲ ਉੱਚੀਆਂ ਕੀਤੀਆਂ ਗਈਆਂ ਸਨ ਤਾਂ ਜੋ ਕਿਸੇ ਵੀ ਕਿਸਮ ਦਾ ਹਾਦਸਾ ਨਾ ਵਾਪਰੇ, ਪਰ ਪਿੰਡ ਵਾਸੀਆਂ ਮੁਤਾਬਕ ਪਿਛਲੇ ਦਿਨਾਂ ਦੌਰਾਨ ਬਿਜਲੀ ਵਿਭਾਗ ਵਲੋਂ ਉਹ ਬਾਂਸ ਹਟਾ ਦਿੱਤੇ ਗਏ, ਜਿਸ ਕਾਰਨ ਤਾਰਾਂ ਬਿਲਕੁਲ ਕੋਠੇ ਦੇ ਨੇੜੇ ਆ ਗਈਆਂ। ਅੱਜ ਜਦੋਂ ਸਰਵਣ ਸਿੰਘ ਦੀ ਭਤੀਜੀ ਏਕਮਦੀਪ ਕੌਰ, ਜਿਸ ਦੀ ਉਮਰ ਕਰੀਬ ਅੱਠ ਸਾਲ ਦੱਸੀ ਜਾ ਰਹੀ ਹੈ, ਆਪਣੇ ਚਾਚੇ ਨਾਲ ਦੁਕਾਨ ’ਤੇ ਆਈ ਹੋਈ ਸੀ ਤਾਂ ਖੇਡਦਿਆਂ ਖੇਡਦਿਆਂ ਉਹ ਕੋਠੇ ਉੱਪਰ ਚੜ ਗਈ।ਇਸ ਦੌਰਾਨ ਜਦੋਂ ਬੱਚੀ ਤਾਰਾਂ ਦੇ ਨੇੜੇ ਪਹੁੰਚੀ ਤਾਂ ਹਾਈ ਵੋਲਟੇਜ ਕਰੰਟ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਕਰੰਟ ਇੰਨਾ ਤੇਜ਼ ਸੀ ਕਿ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦਾ ਸਰੀਰ ਬੁਰੀ ਤਰ੍ਹਾਂ ਸੜ ਗਿਆ। ਇਹ ਮੰਜ਼ਰ ਇੰਨਾ ਦਰਦਨਾਕ ਸੀ ਕਿ ਮੌਕੇ ’ਤੇ ਮੌਜੂਦ ਲੋਕ ਵੀ ਸਹਿਮ ਗਏ।ਪਿੰਡ ਵਾਸੀਆਂ ਨੇ ਦੱਸਿਆ ਕਿ ਜੇ ਤਾਰਾਂ ਪਹਿਲਾਂ ਵਾਂਗ ਉੱਚੀਆਂ ਹੀ ਰੱਖੀਆਂ ਜਾਂਦੀਆਂ ਤਾਂ ਇਹ ਹਾਦਸਾ ਨਹੀਂ ਵਾਪਰਦਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਹੀ ਇਕ ਮਾਸੂਮ ਦੀ ਜਾਨ ਚਲੀ ਗਈ ਹੈ।
;
;
;
;
;
;
;
;