ਮੇਲਾ ਸੰਮਤ 2083 ਨੂੰ ਸਮਰਪਿਤ ਨਗਰ ਕੀਰਤਨ
ਅਟਾਰੀ, (ਅੰਮ੍ਰਿਤਸਰ) 18 ਮਾਰਚ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਧੰਨ-ਧੰਨ ਸੰਤ ਮਹਾਰਾਜ ਹਰਨਾਮ ਸਿੰਘ ਜੀ ਕਿਲ੍ਹੇ ਵਾਲਿਆਂ ਦੇ ਤਪ ਅਸਥਾਨ ਗੁਰਦੁਆਰਾ ਸਾਹਿਬ ਕਲਿਆਣਸਰ ਵਿਖੇ ਮੇਲਾ ਸੰਮਤ 2083 ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਮੇਲਾ ਸੰਮਤ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਕਲਿਆਣਸਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਜੋ ਅਟਾਰੀ ਬਾਜ਼ਾਰ, ਬੱਸ ਸਟੈਂਡ ਅਟਾਰੀ ਹਾਈਵੇਅ ਤੋਂ ਛੋਟਾ ਬੱਸ ਅੱਡਾ ਰਸਤੇ ਗੁਰਦੁਆਰਾ ਸਾਹਿਬ ਪਹੁੰਚਿਆ। ਨਗਰ ਕੀਰਤਨ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਮੌਜੂਦ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰਾ ਕਲਿਆਣਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਨੀਲਧਰੀ ਸੰਸਥਾ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਬਿਕਰਮੀ ਸੰਮਤ 2083 ਦੇ ਆਗਮਨ ਦੀ ਖੁਸ਼ੀ ਦਾ ਪਾਵਨ ਪੁਰਬ ਹਰ ਸਾਲ ਦੀ ਤਰ੍ਹਾਂ ਸੰਤ ਮਹਾਰਾਜ ਕਿਲ੍ਹੇ ਵਾਲਿਆਂ ਦੀਆਂ ਵਰੋਸਾਈਆਂ ਹੋਈਆਂ ਸਮੂਹ ਸੰਗਤਾਂ ਵਲੋਂ ਭਰਪੂਰ ਉਤਸਾਹ ਅਤੇ ਬੇਅੰਤ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ 'ਤੇ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਲੰਗਰ ਲਗਾਏ ਗਏ। ਇਸ ਮੌਕੇ ਸੰਗਤਾਂ ਵੱਲੋਂ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕੀਤਾ ਗਿਆ। ਰਾਗੀ ਨਿਰੰਜਨ ਸਿੰਘ ਅਟਾਰੀ ਵਲੋਂ ਸੰਤ ਮਹਾਰਾਜ ਹਰਨਾਮ ਸਿੰਘ ਕਿਲੇ ਵਾਲਿਆਂ ਦੀ ਜੀਵਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਨਗਰ ਕੀਰਤਨ ਵਿਚ ਸ਼ਾਮਿਲ ਹਾਥੀ, ਘੋੜੀਆਂ ਅਤੇ ਬੋਤੀਆਂ ਖਿੱਚ ਦਾ ਕੇਂਦਰ ਬਣੀਆਂ ਰਹੀਆ। ਗੁਰੂ ਕੀ ਲਾਡਲੀ ਫੌਜ ਨਿਹੰਗ ਸਿੰਘ ਅਨੋਖੇ ਕਰਤਬ ਦਿਖਾਉਂਦੇ ਦਿਖਾਈ ਦਿੱਤੇ।।ਇਸ ਮੌਕੇ ਨੀਲਧਾਰੀ ਸੰਸਥਾ ਦੇ ਨੁਮਾਇੰਦੇ ਅਤੇ ਸੰਗਤਾਂ ਵੱਡੀ ਗਿਣਤੀ ਵਿਚ ਮੌਜੂਦ ਸਨ।
;
;
;
;
;
;
;
;
;