ਅਬੋਹਰ-ਹਰਿਆਣਾ ਹਾਈਵੇ ‘ਤੇ ਲੁਟੇਰਾ ਗਿਰੋਹ ਦਾ ਪਰਦਾਫਾਸ਼, 24 ਘੰਟਿਆਂ 'ਚ 5 ਗ੍ਰਿਫ਼ਤਾਰ
ਫ਼ਾਜ਼ਿਲਕਾ, 27 ਫ਼ਰਵਰੀ (ਪ੍ਰਦੀਪ ਕੁਮਾਰ)- ਫਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਅਬੋਹਰ-ਹਰਿਆਣਾ ਹਾਈਵੇ ‘ਤੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਫ਼ਾਜ਼ਿਲਕਾ ਪੁਲਿਸ ਨੇ ਵਾਰਦਾਤ ਤੋਂ 24 ਘੰਟਿਆਂ ਦੇ ਅੰਦਰ ਹੀ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ ਲੁੱਟੀ ਗਈ ਕਾਰ ਤੇ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਏ ਹਨ।
ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਸ਼ੀਲ ਕੁਮਾਰ ਨਿਵਾਸੀ ਗੁਰੂ ਨਾਨਕ ਨਗਰ, ਸਿਰਸਾ ਨੇ ਥਾਣੇ ਵਿਚ ਰਿਪੋਰਟ ਦਰਜ ਕਰਵਾਈ ਸੀ ਕਿ 26 ਫ਼ਰਵਰੀ ਦੀ ਰਾਤ ਉਹ ਆਪਣੀ ਵੇਗਨਆਰ ਕਾਰ ਰਾਹੀਂ ਸਿਰਸਾ ਤੋਂ ਅਬੋਹਰ ਆਪਣੇ ਰਿਸ਼ਤੇਦਾਰ ਨੂੰ ਮਿਲਣ ਆ ਰਿਹਾ ਸੀ ਕਿ ਰਾਤ ਕਰੀਬ 10 ਵਜੇ ਸੀਤੋ-ਅਬੋਹਰ ਹਾਈਵੇ ‘ਤੇ ਪਿੰਡ ਸੁਖਚੈਨ ਨੇੜੇ 5 ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ‘ਤੇ ਉਸ ‘ਤੇ ਹਮਲਾ ਕਰ ਦਿੱਤਾ। ਦੋਸ਼ੀਆਂ ਨੇ ਉਸ ਨਾਲ ਮਾਰਕੁੱਟ ਕਰਕੇ ਉਸ ਦੀ ਕਾਰ ਅਤੇ ਮੋਬਾਈਲ ਫ਼ੋਨ ਖੋਹ ਲਿਆ ਅਤੇ ਪੁਲਿਸ ਨੂੰ ਸੂਚਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਸ਼ਿਕਾਇਤ ਮਿਲਦੇ ਹੀ ਫਾਜ਼ਿਲਕਾ ਪੁਲਿਸ ਨੇ ਮਾਮਲਾ ਦਰਜ ਕਰਕੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਖ਼ਾਸ ਟੀਮਾਂ ਦਾ ਗਠਨ ਕੀਤਾ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਕੁਝ ਹੀ ਘੰਟਿਆਂ ਵਿਚ ਕਥਿਤ ਦੋਸ਼ੀਆਂ ਨੂੰ ਟ੍ਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਰਵੀ ਨਿਵਾਸੀ ਭਾਗਸਰ, ਰਮੇਸ਼ ਨਿਵਾਸੀ ਰਾਇਪੁਰਾ, ਸੋਨੂ ਨਿਵਾਸੀ ਖੈਰਪੁਰ, ਸੁਨੀਲ ਨਾਥ ਨਿਵਾਸੀ ਕੁਲਾਰ ਅਤੇ ਸੰਜੇ ਨਿਵਾਸੀ ਖੈਰਪੁਰ ਵਜੋਂ ਹੋਈ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਲੁੱਟੀ ਗਈ ਵੇਗਨਆਰ ਕਾਰ ਅਤੇ ਮੋਬਾਈਲ ਫ਼ੋਨ ਬਰਾਮਦ ਕਰ ਲਏ ਗਏ ਹਨ। ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਦੀ ਇਸ ਤੁਰੰਤ ਕਾਰਵਾਈ ਨਾਲ ਇਲਾਕੇ ਵਿਚ ਸੁਰੱਖਿਆ ਪ੍ਰਬੰਧਾਂ ਪ੍ਰਤੀ ਆਮ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ।
;
;
;
;
;
;
;
;
;