JALANDHAR WEATHER

ਚਰਨਜੀਤ ਸਿੰਘ ਬਰਾੜ ਵਲੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ

ਅੰਮ੍ਰਿਤਸਰ, 14 ਜਨਵਰੀ (ਜਸਵੰਤ ਸਿੰਘ ਜੱਸ) - ਚਰਨਜੀਤ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਾਰਟੀ ਨੂੰ ਲਿਖੇ ਪੱਤਰ ਵਿਚ ਚਰਨਜੀਤ ਸਿੰਘ ਬਰਾੜ ਨੇ ਕਿਹਾ, ਸਤਿਕਾਰਯੋਗ ਭਰਤੀ ਕਰਤਾ ਡੈਲੀਗੇਟ ਸਹਿਬਾਨ ਅਤੇ ਹਰੇਕ ਵਰਕਰ ਤੋਂ ਮੁਆਫ਼ੀ ਚਾਹੁੰਦਾ ਹੋਇਆ ਬੜੇ ਹੀ ਭਰੇ ਮਨ ਨਾਲ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਿਹਾਂ ਹਾਂ। ਭਾਵੇਕਿ ਆਪਣੇ ਹੱਥੀ ਮਕਾਨ ਬਣਾ ਕੇ ਛੱਡਣਾਂ ਬਹੁਤ ਔਖਾ ਹੁੰਦਾ ਹੈ, ਪਰ ਹਾਲਾਤ ਹੀ ਅਜਿਹੇ ਬਣ ਗਏ ਹਨ ਕਿ ਕੋਈ ਚਾਰਾ ਨਹੀ ਬਚਿਆ। ਮੈਨੂੰ ਇਸ ਗੱਲ ਦਾ ਗਹਿਰਾ ਅਹਿਸਾਸ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਰਾਹੀਂ ਕਰਵਾਈ ਗਈ ਭਰਤੀ ਲਈ ਮੈ ਬਹੁਤ ਹੀ ਉਤਸ਼ਾਹਿਤ ਤਰੀਕੇ ਨਾਲ ਦਿਨ ਰਾਤ ਮਿਹਨਤ ਕਰਕੇ ਤੁਹਾਡੇ ਵਿਚੋਂ ਬਹੁਤ ਸਾਰਿਆਂ ਨੂੰ ਵਾਸਤਾ ਪਾ ਕੇ ਵੀ ਭਰਤੀ ਕਰਵਾਈ ਸੀ ਤੇ ਖ਼ਾਸ ਕਰ ਮਾਲਵੇ ਵਿਚ ਬਾਦਲ ਪਰਿਵਾਰ ਦਾ ਆਪਣਾਂ ਨਿੱਜੀ ਦਬਾਅ ਹੋਣ ਦੇ ਬਾਵਜੂਦ ਵੀ ਮਾਲਵੇ ਸਮੇਤ ਸਾਰੇ ਹੀ ਪੰਜਾਬ ਅਤੇ ਪੰਜਾਬ ਤੋ ਬਾਹਰ ਵੀ ਭਰਤੀ ਕਰਕੇ ਡੈਲੀਗੇਟ ਸਹਿਬਾਨ ਦੀ ਚੋਣ ਕਰਵਾਈ। ਜਿਸ ਨਾਲ ਸਭ ਨੂੰ ਆਸ ਬੱਝੀ ਕਿ ਪੰਥ ਤੇ ਪੰਜਾਬ ਪ੍ਰਸਤ ਨਵੀ ਨਰੋਈ ਲੀਡਰਸ਼ਿਪ ਚੁਣ ਕੇ ਪਾਰਟੀ ਦੀ ਪੁਨਰ ਸੁਰਜੀਤੀ ਹੋਵੇਗੀ।
ਪਰ ਬੜੇ ਭਰੇ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਤਰਾਂ ਸ਼੍ਰੋਮਣੀ ਅਕਾਲੀ ਦਲ ਨੇ ਸਿਧਾਂਤਕ ਤੌਰ 'ਤੇ ਬੜੀਆਂ ਵੱਡੀਆਂ ਕੁਤਾਹੀਆਂ ਕੀਤੀਆਂ ਸਨ, ਜਿਸ ਕਰਕੇ ਮੇਰੇ ਪਰਿਵਾਰ ਦੀ ਮੁੱਢ ਤੋਂ ਹੀ ਬਾਦਲ ਪਰਿਵਾਰ ਨਾਲ ਸਿਆਸੀ ਤੋਂ ਬਣੀ ਪਰਿਵਾਰਕ ਸਾਂਝ ਨੂੰ ਵੀ ਛੱਡਿਆ ਸੀ। ਭਾਵੇਂ ਪਾਰਟੀ ਪ੍ਰਧਾਨ ਨਾਲ ਸਿਧਾਂਤਕ ਵਿਚਾਰਾਂ ਦੇ ਵਖਰੇਵਿਆਂ ਦੇ ਬਾਵਜੂਦ ਉਥੇ ਜਾਤੀ ਤੌਰ 'ਤੇ ਇੱਜ਼ਤ ਮਾਣ ਵਿਚ ਕੋਈ ਕਮੀ ਨਹੀ ਸੀ। ਪਰ ਸਿਧਾਂਤਕ ਤੌਰ 'ਤੇ ਆਈਆਂ ਵੱਡੀਆਂ ਊਣਤਾਈਆਂ ਕਰਕੇ ਸਾਰਾ ਕੁਝ ਖ਼ੁਦ ਛੱਡ ਕੇ ਸੁਧਾਰ ਵੱਲ ਨੂੰ ਹੋ ਤੁਰਿਆ ਸੀ। ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਨਵੀਂ ਪਾਰਟੀ ਦੀ ਪੁਨਰ ਸੁਰਜੀਤੀ ਵਿਚ ਵੀ ਸਿਧਾਤਾਂ 'ਤੇ ਪਹਿਰਾ ਨਹੀ ਦਿੱਤਾ ਜਾ ਰਿਹਾ ਹੈ। ਇਥੋਂ ਤੱਕ ਕਿ ਮਿਤੀ 11 ਅਗਸਤ ਨੂੰ ਪਾਰਟੀ ਪ੍ਰਧਾਨ ਦੀ ਚੋਣ ਤੋਂ ਬਾਅਦ ਪੰਜ ਮਹੀਨੇ ਵਿਚ ਕਿਸੇ ਵੀ ਲੋਕ ਮੁੱਦਿਆਂ ਲਈ ਧਰਤੀ 'ਤੇ ਕਿਤੇ ਵੀ ਲੜਦੇ ਨਜ਼ਰ ਨਹੀ ਆਏ ਅਤੇ ਨਾ ਹੀ ਪਾਰਟੀ ਨੂੰ ਕੋਈ ਵੀ ਠੋਸ ਪ੍ਰੋਗਰਾਮ ਦਿੱਤਾ ਗਿਆ, ਜਿਸ ਕਰਕੇ ਭਰਤੀ ਕਰਨ ਵਾਲੇ ਹਰੇਕ ਵਰਕਰ ਦਾ ਮਨੋਬਲ ਲਗਭਗ ਟੁੱਟ ਚੁੱਕਿਆ ਹੈ।ਆਸ ਕਰਦਾਂ ਹਾਂ ਕਿ ਪੁਨਰ ਸੁਰਜੀਤੀ ਲਈ ਸੁਧਾਰ ਦੇ ਰਸਤੇ ਤੋਂ ਭਟਕੀ ਹੋਈ ਲੀਡਰਸ਼ਿਪ ਹਾਲੇ ਵੀ ਆਪਣੇ ਆਪ ਨੂੰ ਦਰੁੱਸਤ ਕਰ ਲਵੇ ਤਾਂ ਪਾਰਟੀ 'ਚ ਸੁਧਾਰ ਹੋ ਸਕਦਾ ਹੈ ਤੇ ਪਾਰਟੀ ਕਾਮਯਾਬ ਹੋਵੇ ਮੇਰੀਆਂ ਪਾਰਟੀ ਲਈ ਇਹੀ ਸੁਭਕਾਮਨਾਵਾਂ ਹਨ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ