ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਐਂਬੂਲੈਂਸ ਚਾਲਕ ਦੀ ਮੌਤ
ਕਪੂਰਥਲਾ/ਢਿੱਲਵਾਂ, 13 ਜਨਵਰੀ (ਅਮਨਜੋਤ ਸਿੰਘ ਵਾਲੀਆ, ਗੋਬਿੰਦ ਸੁਖੀਜਾ)- ਅੰਮਿ੍ਤਸਰ ਜੀ.ਟੀ. ਰੋਡ 'ਤੇ ਪਿੰਡ ਗਾਜੀ ਗੁਡਾਣਾ ਨਜ਼ਦੀਕ ਬੀਤੀ ਦੇਰ ਰਾਤ ਅਣਪਛਾਤੇ ਵਾਹਨ ਵਲੋਂ ਐਂਬੂਲੈਂਸ ਨੂੰ ਟੱਕਰ ਮਾਰੇ ਜਾਣ ਕਾਰਨ ਐਂਬੂਲੈਂਸ ਚਾਲਕ ਗੰਭੀਰ ਜ਼ਖਮੀ ਹੋ ਗਿਆ , ਜਿਸਦੀ ਸੂਚਨਾ ਮਿਲਣ 'ਤੇ ਸੜਕ ਸੁਰੱਖਿਆ ਫੋਰਸ ਨੇ ਜ਼ਖਮੀ ਐਂਬੂਲੈਂਸ ਚਾਲਕ ਨੂੰ ਸੁਭਾਨਪੁਰ ਨੇੜੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਉਸਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਸਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਢਿੱਲਵਾਂ ਦੇ ਏ.ਐਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਹਿਚਾਣ ਨਰਿੰਦਰ ਸਿੰਘ ਭੱਟੀ ਉਰਫ਼ ਗੋਲਡੀ ਪੁੱਤਰ ਦਿਲਬਾਗ ਸਿੰਘ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਐਂਬੂਲੈਂਸ ਚਾਲਕ ਚੰਡੀਗੜ੍ਹ ਤੋਂ ਅੰਮ੍ਰਿਤਸਰ ਮਰੀਜ਼ ਲੈਣ ਲਈ ਜਾ ਰਿਹਾ ਸੀ ਤਾਂ ਜੀ.ਟੀ. ਰੋਡ 'ਤੇ ਪਿੰਡ ਗਾਜੀ ਗੁਡਾਣਾ ਨੇੜੇ ਇਹ ਹਾਦਸਾ ਵਾਪਰ ਗਿਆ। ਏ.ਐਸ.ਆਈ. ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਤੇ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਕੇ ਵਾਰਿਸਾਂ ਹਵਾਲੇ ਕੀਤੀ ਜਾਵੇਗੀ।
;
;
;
;
;
;
;
;