ਰੀਟਰੀਟ ਸੈਰਾਮਨੀ ਦੇਖਣ ਪਹੁੰਚੇ ਵੱਡੀ ਗਿਣਤੀ ਵਿਚ ਸੈਲਾਨੀ
ਅਟਾਰੀ (ਅੰਮ੍ਰਿਤਸਰ), 27 ਦਸੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ-ਵਾਹਗਾ ਵਿਖੇ ਹੋ ਰਹੀ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਝੰਡੇ ਦੀ ਰਸਮ ਦੇਖਣ ਲਈ ਸਨਿਚਰਵਾਰ ਨੂੰ ਵੀ ਵੱਡੀ ਗਿਣਤੀ ਵਿਚ ਸੈਲਾਨੀ ਪਹੁੰਚੇ।
ਜ਼ਿਆਦਾ ਭੀੜ ਹੋਣ ਕਾਰਨ ਬੀਐਸਐਫ ਦੇ ਡੀਆਈਜੀ ਐਸਐਸ ਚੰਦੇਲ ਦੇ ਹੁਕਮਾਂ ਅਨੁਸਾਰ ਐਲਈਡੀ ਟੀਵੀ ਦਾ ਇੰਤਜ਼ਾਮ ਕਰਕੇ ਸੈਲਾਨੀਆਂ ਨੂੰ ਝੰਡੇ ਦੀ ਰਸਮ ਦਿਖਾਈ ਗਈ ਤਾਂ ਕਿ ਦੂਰ-ਦੁਰਾਡੇ ਇਲਾਕਿਆਂ ਤੋਂ ਪਹੁੰਚੇ ਸੈਲਾਨੀ ਨਿਰਾਸ਼ ਹੋ ਕੇ ਨਾ ਜਾ ਸਕਣ। ਕੜਾਕੇ ਦੀ ਠੰਢ ਅਤੇ ਧੁੰਦ ਦੇ ਮੌਸਮ ਵਿਚ ਵੀ ਯਾਤਰੀ 12 ਵਜੇ ਤੋਂ ਪਹਿਲਾਂ ਹੀ ਅਟਾਰੀ ਸਰਹੱਦ 'ਤੇ ਪਹੁੰਚ ਗਏ ਸਨ ਤਾਂ ਕਿ ਉਹ ਸਮੇਂ ਸਿਰ ਦਰਸ਼ਕ ਗੈਲਰੀ ਵਿਚ ਜਾ ਕੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਣ ਸਕਣ। ਦਰਸ਼ਕ ਗੈਲਰੀ ਖਚਾਖਚ ਭਰੀ ਹੋਈ ਸੀ। ਐਲਈਡੀ ਟੀਵੀ 'ਤੇ ਵੀ ਦਰਸ਼ਕ ਦੇਸ਼ ਭਗਤੀ ਦੇ ਗੀਤਾਂ 'ਤੇ ਭੰਗੜੇ ਪਾਉਂਦੇ ਹੋਏ ਹਿੰਦੁਸਤਾਨ ਜ਼ਿੰਦਾਬਾਦ, ਵੰਦੇ ਮਾਤਰਮ ਅਤੇ ਭਾਰਤ ਮਾਂ ਦੀ ਜੈ ਦੇ ਨਾਅਰੇ ਲਗਾਉਂਦੇ ਹੋਏ ਪਰੇਡ ਕਰ ਰਹੇ ਜਵਾਨਾਂ ਦਾ ਤਾੜੀਆਂ ਵਜਾ ਕੇ ਹੌਸਲਾ ਵਧਾ ਰਹੇ ਸਨ। ਯਾਤਰੀਆਂ ਦੇ ਟਰੈਫ਼ਿਕ ਵਿਚ ਫਸਣ ਸੰਬੰਧੀ ਅਜੀਤ ਵਿਚ ਲੱਗੀ ਖ਼ਬਰ ਦਾ ਵੱਡਾ ਅਸਰ ਹੋਇਆ ਹੈ। ਇਸ ਤੋਂ ਬਾਅਦ ਸੰਬੰਧਿਤ ਮਹਿਕਮਿਆਂ ਵਲੋਂ ਨਫਰੀ ਵਿਚ ਵਾਧਾ ਕਰ ਦਿੱਤਾ ਗਿਆ। ਅਟਾਰੀ ਸਰਹੱਦ ਡਿਫੈਂਸ, ਇੰਟੀਗਰੇਟਡ ਚੈੱਕ ਪੋਸਟ ਦੇ ਮੁੱਖ ਦੁਆਰ ਅਤੇ ਕਸਟਮ ਗੇਟ ਨੰਬਰ ਇਕ ਦੇ ਬਾਹਰ ਪੀਐਚਜੀ ਦੇ ਇੰਚਾਰਜ ਸਬ ਇੰਸਪੈਕਟਰ ਨਰਾਇਣਜੀਤ ਦੀ ਅਗਵਾਈ ਵਿਚ ਪੰਜਾਬ ਹੋਮ ਗਾਰਡ ਦੇ ਜਵਾਨ ਅਤੇ ਪੰਜਾਬ ਪੁਲਿਸ ਤਾਇਨਾਤ ਕਰ ਦਿੱਤੀ ਗਈ, ਜਿਸ ਕਾਰਨ ਯਾਤਰੀਆਂ ਨੂੰ ਝੰਡੇ ਦੀ ਰਸਮ ਦੇਖਣ ਅਤੇ ਵਾਪਸ ਪਰਤਨ ਵੇਲੇ ਟਰੈਫ਼ਿਕ ਜਾਮ ਵਿਚ ਫਸਣ ਦੀ ਦਿੱਕਤ ਨਹੀਂ ਆਈ। ਡੀਆਈਜੀ ਐਸਐਸ ਚੰਦੇਲ ਨੇ ਗੱਲਬਾਤ ਕਰਦੇ ਦੱਸਿਆ ਕਿ ਸੈਲਾਨੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ ਤਾਂ ਹੀ ਅਟਾਰੀ ਸਰਹੱਦ ਤੇ ਬੀਐਸਐਫ ਦੀ ਨਫਰੀ ਵਿਚ ਵਾਧਾ ਕਰ ਦਿੱਤਾ ਗਿਆ। ਸਬ ਇੰਸਪੈਕਟਰ ਨਰਾਇਣ ਜੀਤ ਨੇ ਗੱਲਬਾਤ ਕਰਦੇ ਦੱਸਿਆ ਕਿ ਸਕੂਲਾਂ ਵਿਚ ਛੁੱਟੀਆਂ ਹੋਣ ਕਾਰਨ ਅਤੇ ਸਨਿਚਰਵਾਰ-ਐਤਵਾਰ ਵਾਲੇ ਦਿਨ ਛੁੱਟੀ ਹੋਣ ਕਾਰਨ ਸੈਲਾਨੀ ਦੂਰ ਦੁਰਾਡੇ ਇਲਾਕਿਆਂ ਵਿਚੋਂ ਵੱਡੀ ਗਿਣਤੀ ਵਿਚ ਅਟਾਰੀ ਸਰਹੱਦ 'ਤੇ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੀ ਰਸਮ ਦੇਖਣ ਪਹੁੰਚਦੇ ਹਨ, ਜਿਸ ਕਾਰਨ ਪੀਐਚਜੀ ਦੀ ਨਫਰੀ ਵਧਾ ਦਿੱਤੀ ਗਈ ਹੈ ਤਾਂ ਕਿ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਰੀਟਰੀਟ ਸੈਰਾਮਨੀ ਦੇਖਣ ਲਈ ਦਰਸ਼ਕ ਗੈਲਰੀ ਵਿਚ ਸਮੇਂ ਸਿਰ ਪਹੁੰਚ ਸਕਣ। ਅੱਜ ਵੀ ਯਾਤਰੀ ਇਨੀ ਵੱਡੀ ਗਿਣਤੀ ਵਿਚ ਪਹੁੰਚ ਗਏ ਸਨ ਕਿ ਸਾਰੀਆਂ ਪਾਰਕਾਂ ਫੁੱਲ ਹੋ ਗਈਆਂ ਸਨ।
;
;
;
;
;
;
;
;