ਪਟੜੀ ਤੋਂ ਉਤਰੇ ਰੇਲਗੱਡੀ ਦੇ ਪੰਜ ਡੱਬੇ, ਅੱਠ ਹਾਥੀਆਂ ਦੀ ਮੌਤ
ਅਸਾਮ, 20 ਦਸੰਬਰ - ਅਸਾਮ ਦੇ ਹੋਜਈ ਜ਼ਿਲ੍ਹੇ ਵਿਚ ਇਕ ਰੇਲਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ। ਹਾਲਾਂਕਿ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਅੱਠ ਹਾਥੀਆਂ ਦੀ ਮੌਤ ਹੋ ਗਈ। ਇਕ ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਅਸਾਮ ਦੇ ਹੋਜਈ ਜ਼ਿਲ੍ਹੇ ਵਿਚ ਸੈਰੰਗ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਦੀ ਲਪੇਟ ਵਿਚ ਆਉਣ ਨਾਲ ਇਕ ਝੁੰਡ ਦੇ ਅੱਠ ਹਾਥੀਆਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਉੱਤਰ-ਪੂਰਬੀ ਸਰਹੱਦੀ ਰੇਲਵੇ (ਐਨਐਫਆਰ) ਦੇ ਬੁਲਾਰੇ ਨੇ ਕਿਹਾ ਕਿ ਇਸ ਘਟਨਾ ਵਿਚ ਪੰਜ ਡੱਬੇ ਅਤੇ ਰੇਲਗੱਡੀ ਦਾ ਇੰਜਣ ਪਟੜੀ ਤੋਂ ਉਤਰ ਗਿਆ, ਹਾਲਾਂਕਿ ਕਿਸੇ ਵੀ ਯਾਤਰੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਰੇਲਵੇ ਬੁਲਾਰੇ ਨੇ ਕਿਹਾ ਕਿ ਨਵੀਂ ਦਿੱਲੀ ਜਾਣ ਵਾਲੀ ਰੇਲਗੱਡੀ ਨਾਲ ਹਾਦਸਾ ਸਵੇਰੇ 2:17 ਵਜੇ ਦੇ ਕਰੀਬ ਹੋਇਆ। ਨਾਗਾਓਂ ਡਿਵੀਜ਼ਨਲ ਫੋਰੈਸਟ ਅਫਸਰ ਸੁਹਾਸ ਕਦਮ ਨੇ ਕਿਹਾ ਕਿ ਇਹ ਘਟਨਾ ਹੋਜਈ ਜ਼ਿਲ੍ਹੇ ਦੇ ਚਾਂਗਜੁਰਾਈ ਖੇਤਰ ਵਿਚ ਵਾਪਰੀ। ਕਦਮ ਅਤੇ ਹੋਰ ਜੰਗਲਾਤ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪ੍ਰਭਾਵਿਤ ਜਮੁਨਾਮੁਖ-ਕਾਨਪੁਰ ਸੈਕਸ਼ਨ ਵਿਚੋਂ ਲੰਘਣ ਵਾਲੀਆਂ ਰੇਲਗੱਡੀਆਂ ਨੂੰ ਦੂਜੀ ਲਾਈਨ ਵੱਲ ਮੋੜ ਦਿੱਤਾ ਗਿਆ ਹੈ। ਇਸ ਸਮੇਂ ਲਾਈਨ 'ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਸਾਈਰੰਗ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਮਿਜ਼ੋਰਮ ਵਿੱਚ ਸਾਈਰੰਗ (ਆਈਜ਼ੌਲ ਦੇ ਨੇੜੇ) ਨੂੰ ਆਨੰਦ ਵਿਹਾਰ ਟਰਮੀਨਲ (ਦਿੱਲੀ) ਨਾਲ ਜੋੜਦੀ ਹੈ।
;
;
;
;
;
;
;
;