ਸਾਬਕਾ ਮੁੱਖ ਮੰਤਰੀ ਓਮਪ੍ਰਕਾਸ਼ ਚੌਟਾਲਾ ਦੀ ਪਹਿਲੀ ਬਰਸੀ ਅੱਜ, ਤੇਜਾਖੇੜਾ ਫਾਰਮ ਹਾਊਸ 'ਤੇ ਸਰਬ ਧਰਮ ਸਭਾ
ਡੱਬਵਾਲੀ, 20 ਦਸੰਬਰ (ਇਕਬਾਲ ਸਿੰਘ ਸ਼ਾਂਤ)-ਸਾਬਕਾ ਉੱਪ ਪ੍ਰਧਾਨ ਮੰਤਰੀ ਮਰਹੂਮ ਚੌਧਰੀ ਦੇਵੀਲਾਲ ਤੋਂ ਬਾਅਦ ਚੌਟਾਲਾ ਪਰਿਵਾਰ ਦੇ ਸਭ ਤੋਂ ਸੀਨੀਅਰ ਮੈਂਬਰ ਰਹੇ ਸਾਬਕਾ ਮੁੱਖ ਮੰਤਰੀ ਸਵ. ਚੌਧਰੀ ਓਮਪ੍ਰਕਾਸ਼ ਚੌਟਾਲਾ ਦੀ ਪਹਿਲੀ ਬਰਸੀ ਅੱਜ 20 ਦਸੰਬਰ ਨੂੰ ਮਨਾਈ ਜਾ ਰਹੀ ਹੈ। ਇਸ ਮੌਕੇ 'ਤੇ ਤੇਜਾਖੇੜਾ ਫਾਰਮ ਹਾਊਸ ਵਿਚ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਸਰਬ ਧਰਮ ਸਭਾ ਅਤੇ ਸ਼ਰਧਾਂਜਲੀ ਸਭਾ ਰੱਖੀ ਗਈ ਹੈ, ਜਿਸ ਵਿਚ ਸੂਬੇ ਭਰ ਤੋਂ ਹਜ਼ਾਰਾਂ ਲੋਕ ਆਪਣੇ ਹਰਮਨ ਪਿਆਰੇ ਮਰਹੂਮ ਆਗੂ ਨੂੰ ਲੋਕ ਸ਼ਰਧਾ ਦੇ ਫੁੱਲ ਚੜ੍ਹਾਉਣ ਲਈ ਪੁੱਜਣਗੇ। ਚੌਟਾਲਾ ਪਰਿਵਾਰ ਵਲੋਂ ਤੇਜਾ ਖੇੜਾ ਫਾਰਮ ਹਾਊਸ ਵਿਚ ਸਥਿਤ ਅੰਤਿਮ ਸੰਸਕਾਰ ਵਾਲੀ ਜਗ੍ਹਾ ’ਤੇ ਸਵ. ਓਮਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੀ ਪਤਨੀ ਸਨੇਹਲਤਾ ਚੌਟਾਲਾ ਦੀਆਂ ਸਮਾਧੀਆਂ ਬਣਾਈਆਂ ਗਈਆਂ ਹਨ। ਇਥੇ ਉਨ੍ਹਾਂ ਦਾ ਬੁੱਤ ਲਗਾਉਣ ਦੀ ਵੀ ਤਿਆਰੀ ਹੈ।
ਇਨੈਲੋ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਨੇ ਪਰਿਵਾਰਕ ਅਤੇ ਸਮਾਜਿਕ ਰਵਾਇਤਾਂ ਨੂੰ ਸਨਮਾਨ ਦਿੰਦੇ ਇਕ ਸੁਚੱਜੀ ਪਹਿਲ ਕੀਤੀ ਹੈ, ਜਿਸ ਦੇ ਤਹਿਤ ਉਨ੍ਹਾਂ ਪਹਿਲੀ ਬਰਸੀ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਪਣੇ ਚਾਚਾ ਸਾਬਕਾ ਮੰਤਰੀ ਰਣਜੀਤ ਸਿੰਘ ਚੌਟਾਲਾ ਅਤੇ ਵੱਡੇ ਭਰਾ ਜਜਪਾ ਸੁਪ੍ਰੀਮੋ ਅਜੈ ਸਿੰਘ ਚੌਟਾਲਾ ਨੂੰ ਨਿੱਜੀ ਤੌਰ ‘ਤੇ ਫੋਨ ਕਰਕੇ ਸੱਦਾ ਦਿੱਤਾ ਹੈ।
ਬਰਸੀ ਮੌਕੇ ਪੁੱਜਣ ਵਾਲੇ ਹਜ਼ਾਰਾਂ ਲੋਕਾਂ ਲਈ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਗਏ ਹਨ। ਸੀਨੀਅਰ ਇਨੈਲੋ ਆਗੂ ਸੰਦੀਪ ਚੌਧਰੀ ਮੁਤਾਬਕ ਸ਼ਰਧਾਂਜਲੀ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਸਮੇਤ ਕਈ ਪ੍ਰਮੁੱਖ ਸਿਆਸੀ ਅਤੇ ਸਮਾਜਿਕ ਸਖ਼ਸੀਅਤਾਂ ਸ਼ਾਮਿਲ ਹੋਣਗੀਆਂ।
;
;
;
;
;
;
;
;