JALANDHAR WEATHER

ਵਿਰੋਧੀ ਜੇਲ੍ਹ ਨੂੰ ਬਣਾਉਣਾ ਚਾਹੁੰਦੇ ਹਨ ਸੀ.ਐਮ., ਪੀ.ਐਮ.ਹਾਊਸ- ਅਮਿਤ ਸ਼ਾਹ

ਨਵੀਂ ਦਿੱਲੀ, 25 ਅਗਸਤ- ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਅਸਤੀਫ਼ੇ ਨੂੰ ਲੈ ਕੇ ਵਧਦੀਆਂ ਅਟਕਲਾਂ ਦੇ ਵਿਚਕਾਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇਕ ਇੰਟਰਵਿਊ ਵਿਚ ਵਿਰੋਧੀ ਧਿਰ ਦੇ ਸਾਰੇ ਦਾਅਵਿਆਂ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਧਨਖੜ ਨੇ ਸਿਹਤ ਕਾਰਨਾਂ ਕਰਕੇ ਅਸਤੀਫ਼ਾ ਦੇ ਦਿੱਤਾ ਹੈ। ਵਿਰੋਧੀ ਧਿਰ ਦੇ ਦਾਅਵੇ ਕਿ ਉਹ ਘਰ ਵਿਚ ਨਜ਼ਰਬੰਦ ਹਨ, ਬੇਬੁਨਿਆਦ ਅਤੇ ਝੂਠੇ ਹਨ। ਅਮਿਤ ਸ਼ਾਹ ਨੇ ਕਿਹਾ ਕਿ ਧਨਖੜ ਸਾਹਿਬ ਦਾ ਅਸਤੀਫ਼ਾ ਆਪਣੇ ਆਪ ਵਿਚ ਸਪੱਸ਼ਟ ਹੈ। ਉਨ੍ਹਾਂ ਨੇ ਆਪਣੇ ਅਸਤੀਫ਼ੇ ਲਈ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ, ਹੋਰ ਮੰਤਰੀਆਂ ਅਤੇ ਸਰਕਾਰ ਦੇ ਮੈਂਬਰਾਂ ਦਾ ਉਨ੍ਹਾਂ ਦੇ ਚੰਗੇ ਕਾਰਜਕਾਲ ਲਈ ਦਿਲੋਂ ਧੰਨਵਾਦ ਵੀ ਕੀਤਾ ਹੈ।

ਕੁਝ ਵਿਰੋਧੀ ਆਗੂਆਂ ਦੁਆਰਾ ਧਨਖੜ ਨੂੰ ਘਰ ਵਿਚ ਨਜ਼ਰਬੰਦ ਕੀਤੇ ਜਾਣ ਦੇ ਦਾਅਵੇ ਬਾਰੇ ਪੁੱਛੇ ਜਾਣ ’ਤੇ, ਸ਼ਾਹ ਨੇ ਕਿਹਾ ਕਿ ਸੱਚ ਅਤੇ ਝੂਠ ਦੀ ਵਿਆਖਿਆ ਸਿਰਫ਼ ਵਿਰੋਧੀ ਧਿਰ ਦੇ ਬਿਆਨਾਂ ’ਤੇ ਅਧਾਰਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸੱਚ ਅਤੇ ਝੂਠ ਦੀ ਤੁਹਾਡੀ ਵਿਆਖਿਆ ਵਿਰੋਧੀ ਧਿਰ ਦੇ ਬਿਆਨਾਂ ’ਤੇ ਅਧਾਰਤ ਹੈ। ਸਾਨੂੰ ਇਸ ਸਭ ਦਾ ਹੰਗਾਮਾ ਨਹੀਂ ਕਰਨਾ ਚਾਹੀਦਾ। ਧਨਖੜ ਇਕ ਸੰਵਿਧਾਨਕ ਅਹੁਦੇ ’ਤੇ ਸਨ ਅਤੇ ਸੰਵਿਧਾਨ ਅਨੁਸਾਰ ਆਪਣੇ ਫਰਜ਼ ਨਿਭਾਉਂਦੇ ਸਨ। ਉਨ੍ਹਾਂ ਨੇ ਨਿੱਜੀ ਸਿਹਤ ਕਾਰਨਾਂ ਕਰਕੇ ਅਸਤੀਫ਼ਾ ਦੇ ਦਿੱਤਾ। ਇਸ ਮੁੱਦੇ ’ਤੇ ਜ਼ਿਆਦਾ ਚਰਚਾ ਨਹੀਂ ਹੋਣੀ ਚਾਹੀਦੀ। ਇਹ ਟਿੱਪਣੀ ਵਿਰੋਧੀ ਆਗੂਆਂ ਵਲੋਂ ਅਚਾਨਕ ਅਸਤੀਫ਼ੇ ’ਤੇ ਸਵਾਲ ਉਠਾਉਣ ਤੋਂ ਬਾਅਦ ਆਈ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਧਨਖੜ ਨੂੰ ਚੁੱਪ ਕਰਵਾ ਦਿੱਤਾ ਹੈ।

ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਵਿਧਾਨ (130ਵੇਂ ਸੋਧ) ਬਿੱਲ ’ਤੇ ਵਿਰੋਧੀ ਧਿਰ ਦੇ ਵਿਰੋਧ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕੀ ਕੋਈ ਮੁੱਖ ਮੰਤਰੀ, ਪ੍ਰਧਾਨ ਮੰਤਰੀ ਜਾਂ ਮੰਤਰੀ ਜੇਲ੍ਹ ਤੋਂ ਸਰਕਾਰ ਚਲਾ ਸਕਦੇ ਹਨ। ਉਹ ਜੇਲ੍ਹ ਤੋਂ ਸਰਕਾਰ ਚਲਾਉਣ ਦਾ ਵਿਕਲਪ ਪ੍ਰਾਪਤ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਕਦੇ ਜੇਲ੍ਹ ਜਾਂਦਾ ਹੈ, ਤਾਂ ਕੀ ਪ੍ਰਧਾਨ ਮੰਤਰੀ ਲਈ ਜੇਲ੍ਹ ਤੋਂ ਸਰਕਾਰ ਚਲਾਉਣਾ ਸਹੀ ਹੈ? ਕੀ ਮੁੱਖ ਮੰਤਰੀ ਲਈ ਜੇਲ੍ਹ ਤੋਂ ਸਰਕਾਰ ਚਲਾਉਣਾ ਸਹੀ ਹੈ? ਜਿਸ ਵੀ ਪਾਰਟੀ ਕੋਲ ਬਹੁਮਤ ਹੈ, ਉਸ ਵਿਚੋਂ ਕੋਈ ਹੋਰ ਆ ਕੇ ਸਰਕਾਰ ਚਲਾਏਗਾ। ਜੇਕਰ ਤੁਹਾਨੂੰ ਜ਼ਮਾਨਤ ਮਿਲ ਜਾਂਦੀ ਹੈ, ਤਾਂ ਤੁਸੀਂ ਦੁਬਾਰਾ ਅਹੁਦਾ ਸੰਭਾਲ ਸਕਦੇ ਹੋ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ