ਪੁਲਿਸ ਨੇ ਸਾਬਕਾ ਵਿਧਾਇਕਾ ਬੀਬੀ ਘਨੌਰੀ ਸਮੇਤ ਕਈ ਭਾਜਪਾ ਆਗੂ ਲਏ ਹਿਰਾਸਤ 'ਚ

ਮਹਿਲ ਕਲਾਂ (ਬਰਨਾਲਾ), 24 ਅਗਸਤ (ਅਵਤਾਰ ਸਿੰਘ ਅਣਖੀ) - ਕੇਂਦਰੀ ਭਲਾਈ ਸਕੀਮਾਂ ਸੰਬੰਧੀ ਅੱਜ ਚੋਪੜਾ ਪੱਤੀ ਧਰਮਸ਼ਾਲਾ ਮਹਿਲ ਕਲਾਂ (ਬਰਨਾਲਾ) ਵਿਖੇ ਕੈਂਪ ਲਗਾਉਣ ਜਾ ਰਹੇ ਭਾਜਪਾ ਆਗੂਆਂ ਨੂੰ ਸਥਾਨਕ ਪੁਲਿਸ ਵਲੋਂ ਹਿਰਾਸਤ 'ਚ ਲਏ ਜਾਣ ਦਾ ਪਤਾ ਲੱਗਿਆ ਹੈ।
ਜਾਣਕਾਰੀ ਅਨੁਸਾਰ ਹਲਕਾ ਮਹਿਲ ਕਲਾਂ ਦੀ ਸੀਨੀਅਰ ਭਾਜਪਾ ਆਗੂ ਬੀਬੀ ਹਰਚੰਦ ਕੌਰ ਘਨੌਰੀ ਸਾਬਕਾ ਵਿਧਾਇਕਾ ਸਮੇਤ ਪੰਜ ਆਗੂਆਂ ਨੂੰ ਮਹਿਲ ਕਲਾਂ ਪੁਲਿਸ ਨੇ ਹਿਰਾਸਤ 'ਚ ਲੈਣ ਉਪਰੰਤ ਕਿਸੇ ਅਣਦੱਸੀ ਥਾਂ ਭੇਜ ਦਿੱਤਾ। ਇਸ ਤੋਂ ਬਾਅਦ ਕੈਂਪ ਲਗਾਉਣ ਲਈ ਨਿਰਧਾਰਿਤ ਕੀਤੀ ਚੋਪੜਾ ਪੱਤੀ ਧਰਮਸ਼ਾਲਾ ਦੇ ਪ੍ਰਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ ਗਿਆ। ਭਾਜਪਾ ਆਗੂਆਂ ਵਲੋਂ ਅੱਜ ਮਹਿਲ ਕਲਾਂ ਵਿਖੇ ਕੇਂਦਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੋਕਾਂ ਨੂੰ ਦਿਵਾਉਣ ਲਈ ਵਿਸ਼ੇਸ਼ ਕੈਂਪ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਸੰਬੰਧੀ ਵੱਖ-ਵੱਖ ਸ਼ੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਪ੍ਰਚਾਰ ਕੀਤਾ ਗਿਆ। ਅੱਜ ਸਵੇਰ ਹੁੰਦੇ ਹੀ ਪੁਲਿਸ ਵਲੋਂ ਕੈਂਪ ਲਗਾਉਣ ਤੋਂ ਪਹਿਲਾਂ ਹੀ ਬੀਬੀ ਹਰਚੰਦ ਕੌਰ ਘਨੌਰੀ ਸਮੇਤ ਮੰਡਲ ਪ੍ਰਧਾਨ ਸੁਰਿੰਦਰ ਕਾਲਾ, ਪਰਮਜੀਤ ਸਿੰਘ, ਕ੍ਰਿਪਾਲ ਸਿੰਘ ਵਾਲਾ, ਸਾਬਕਾ ਸਰਪੰਚ ਬਲਦੀਪ ਸਿੰਘ ਮਹਿਲ ਖ਼ੁਰਦ, ਮਹਿੰਦਰ ਸਿੰਘ ਖ਼ਾਲਸਾ, ਕ੍ਰਿਸ਼ਨ ਕੁਮਾਰ ਠੀਕਰੀਵਾਲ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪੁਲਿਸ ਨੇ ਹਿਰਾਸਤ 'ਚ ਲਏ ਗਏ ਉਕਤ ਆਗੂਆਂ ਨੂੰ ਕਿਸੇ ਅਣਦੱਸੀ ਥਾਂ 'ਤੇ ਭੇਜ ਦਿੱਤਾ। ਕੈਂਪ ਲਗਾਉਣ ਲਈ ਮਿਥੇ ਗਏ ਸਥਾਨ ਨੂੰ ਪਹਿਲਾਂ ਤੋਂ ਹੀ ਲੱਗੇ ਜਿੰਦੇ ਉਪਰ ਆਪਣਾ ਦੂਸਰਾ ਜਿੰਦਾ ਲਗਾ ਦਿੱਤਾ। ਇਸ ਮਾਮਲੇ ਸੰਬੰਧੀ ਸੰਪਰਕ ਕੀਤੇ ਜਾਣ 'ਤੇ ਮਹਿਲ ਕਲਾਂ ਪੁਲਿਸ ਨੇ ਪੱਤਰਕਾਰਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਹਿਰਾਸਤ 'ਚ ਲਏ ਆਗੂਆਂ ਚੋਂ ਕੁਝ ਨੂੰ ਰੂੜੇਕੇ ਕਲਾਂ ਪੁਲਿਸ ਚੌਂਕੀ 'ਚ ਲਿਜਾਣ ਦਾ ਪਤਾ ਲੱਗਿਆ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੈਂਟੀ ਅਤੇ ਸੰਤ ਸਿੰਘ ਧੂਰੀ ਨੇ ਇਸ ਨੂੰ ਘਟਨਾ ਨੂੰ 'ਆਪ' ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੰਦਿਆਂ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ।