ਗੁਰੂਦੇਵ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕੋਲੰਬੀਆ ਦੀ ਸੰਸਦ ਨੂੰ ਕੀਤਾ ਸੰਬੋਧਨ

ਬੈਂਗਲੁਰੂ,18 ਜੂਨ -ਗੁਰੂਦੇਵ ਸ਼੍ਰੀ ਸ਼੍ਰੀ ਰਵਿਸ਼ੰਕਰ ਨੇ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿਚ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਇਹ ਉਹੀ ਸ਼ਹਿਰ ਹੈ ਜਿੱਥੇ 10 ਸਾਲ ਪਹਿਲਾਂ ਉਨ੍ਹਾਂ ਨੇ ਸ਼ਾਂਤੀ ਲਈ ਮਨੁੱਖਤਾ ਆਧਾਰਿਤ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਕੋਲੰਬੀਆ ਸਰਕਾਰ ਅਤੇ ਬਾਗ਼ੀ ਸੰਸਥਾ ਫਾਰਕ ਵਿਚਕਾਰ ਇਕ ਇਤਿਹਾਸਕ ਸ਼ਾਂਤੀ ਸਮਝੌਤਾ ਹੋਇਆ ਸੀ। ਇਸ ਸਮਝੌਤੇ ਨੇ ਪਿਛਲੇ 50 ਸਾਲਾਂ ਤੋਂ ਚੱਲ ਰਹੀ ਹਿੰਸਾ ਨੂੰ ਖ਼ਤਮ ਕਰਨ ਵਿਚ ਮਦਦ ਕੀਤੀ, ਜਿਸ ਵਿਚ ਲੱਖਾਂ ਲੋਕ ਮਾਰੇ ਗਏ ਸਨ। ਇਸ ਸਾਲ ਗੁਰੂਦੇਵ ਕੋਲੰਬੀਆ ਗਏ ਅਤੇ ਲੋਕਾਂ ਨੂੰ ਆਤਮ-ਚਿੰਤਨ, ਆਧਿਆਤਮਿਕਤਾ ਅਤੇ ਗਿਆਨ ਨਾਲ ਜੀਵਨ ਜਿਊਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦੀ ਸੋਚ ਜਾਤ-ਪਾਤ ਅਤੇ ਸਮਾਜਿਕ ਵੰਡ ਤੋਂ ਉੱਪਰ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸਾਰੇ ਰਾਜਨੀਤਿਕ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਜੇ ਅਸੀਂ ਸਾਲ ਵਿਚ ਸਿਰਫ਼ ਇਕ ਹਫ਼ਤਾ ਵੀ ਆਪਣੇ ਨਿੱਜੀ, ਕਾਰੋਬਾਰੀ ਅਤੇ ਰਾਜਨੀਤਿਕ ਹਿੱਤਾਂ ਨੂੰ ਪਾਸੇ ਰੱਖ ਕੇ ਦੇਸ਼ ਦੀ ਭਲਾਈ ਬਾਰੇ ਸੋਚੀਏ, ਤਾਂ ਅਸੀਂ ਆਪਣੇ ਵਿਚਾਰਾਂ ਦੇ ਅੰਤਰ ਨੂੰ ਤਾਕਤ ਵਿਚ ਬਦਲ ਸਕਦੇ ਹਾਂ ਅਤੇ ਅਸਲ ਤਰੱਕੀ ਦਾ ਰਾਹ ਲੱਭ ਸਕਦੇ ਹਾਂ।