ਮੋਦੀ ਸਰਕਾਰ ਦੇ 11 ਸਾਲਾਂ ਵਿਚ ਪ੍ਰਚਾਰ 'ਤੇ ਰਿਹਾ ਜ਼ੋਰ - ਰਾਹੁਲ ਗਾਂਧੀ

ਨਵੀਂ ਦਿੱਲੀ, 9 ਜੂਨ - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਵਿਚ ਹੋਏ ਰੇਲ ਹਾਦਸੇ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਹ ਆਪਣੇ 11 ਸਾਲਾਂ ਦਾ ਜਸ਼ਨ ਮਨਾ ਰਹੀ ਹੈ, ਜਦੋਂ ਕਿ ਦੇਸ਼ ਦੀ ਅਸਲੀਅਤ ਦੀ ਖ਼ਬਰ ਮੁੰਬਈ ਤੋਂ ਆ ਰਹੀ ਹੈ, ਜਿੱਥੇ ਰੇਲਗੱਡੀ ਤੋਂ ਡਿੱਗਣ ਨਾਲ ਕਈ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ । ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਦੇ 11 ਸਾਲ "ਜਵਾਬਦੇਹੀ ਜਾਂ ਤਬਦੀਲੀ ਤੋਂ ਬਿਨਾਂ" ਰਹੇ ਹਨ ਪਰ ਸਿਰਫ "ਪ੍ਰਚਾਰ" ਤੱਕ ਸੀਮਤ ਰਹੇ ਹਨ। ਟਵਿੱਟਰ 'ਤੇ ਇਕ ਪੋਸਟ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਮੌਜੂਦਾ ਸਮੇਂ ਬਾਰੇ ਗੱਲ ਕਰਨ ਦੀ ਬਜਾਏ, ਭਾਜਪਾ ਸਰਕਾਰ "2047 ਦੇ ਸੁਪਨੇ ਵੇਚ ਰਹੀ ਹੈ । ਜਦੋਂ ਕਿ ਮੋਦੀ ਸਰਕਾਰ 'ਸੇਵਾ' ਦੇ 11 ਸਾਲਾਂ ਦਾ ਜਸ਼ਨ ਮਨਾ ਰਹੀ ਹੈ, ਦੇਸ਼ ਦੀ ਅਸਲੀਅਤ ਮੁੰਬਈ ਤੋਂ ਆ ਰਹੀਆਂ ਦੁਖਦਾਈ ਖ਼ਬਰਾਂ ਵਿਚ ਝਲਕਦੀ ਹੈ ਜਿੱਥੇ ਰੇਲਗੱਡੀ ਤੋਂ ਡਿੱਗਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਭਾਰਤੀ ਰੇਲਵੇ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਦੀ ਰੀੜ੍ਹ ਦੀ ਹੱਡੀ ਹੈ, ਪਰ ਅੱਜ ਇਹ ਅਸੁਰੱਖਿਆ, ਭੀੜ-ਭੜੱਕੇ ਅਤੇ ਹਫੜਾ-ਦਫੜੀ ਦਾ ਪ੍ਰਤੀਕ ਬਣ ਗਈ ਹੈ । ਕੌਣ ਦੇਖੇਗਾ ਕਿ ਅੱਜ ਦੇਸ਼ ਕਿਸ ਦੌਰ ਵਿਚੋਂ ਗੁਜ਼ਰ ਰਿਹਾ ਹੈ ? ਮੈਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ ।