JALANDHAR WEATHER

ਚੰਡੀਗੜ੍ਹ ਯੂਨੀਵਰਸਿਟੀ ’ਚ ਪਹਿਲੇ 3 ਰੋਜ਼ਾ ਸੀ.ਯੂ. ਸਕਾਲਰਜ਼ ਸਮਿਟ-2025 ਦਾ ਹੋਇਆ ਆਗਾਜ਼

ਚੰਡੀਗੜ੍ਹ/ਮੋਹਾਲੀ, 6 ਜੂਨ-ਚੰਡੀਗੜ੍ਹ ਯੂਨੀਵਰਸਿਟੀ ’ਚ ਅੱਜ ਪਹਿਲੇ 3 ਰੋਜ਼ਾ ਸੀ.ਯੂ. ਸਕਾਲਰਜ਼ ਸਮਿਟ-2025 ਦਾ ਆਗਾਜ਼ ਹੋਇਆ, ਜਿਸ ਵਿਚ ਚਡੀਗੜ੍ਹ ਯੂਨੀਵਰਸਿਟੀ ਦੇ ਕਾਮਨ ਐਂਟਰੈਂਸ ਟੈਸਟ (ਸੀ.ਯੂ.ਸੀ.ਈ.ਟੀ.) ’ਚ ਮੈਰਿਟ ਉਤੇ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪਹਿਲੇ ਪੜਾਅ 'ਚ 918 ਲੜਕੀਆਂ ਸਮੇਤ 20 ਸੂਬਿਆਂ ਦੇ ਕੁੱਲ 2516 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਮਿਲੀ।ਸੀ. ਯੂ. ਸੀ. ਈ. ਟੀ. ਦੇ ਪਹਿਲੇ ਪੜਾਅ 'ਚ ਭਾਰਤ ਦੇ 20 ਸੂਬਿਆਂ ਦੇ 2516 ਵਿਦਿਆਰਥੀਆਂ ਨੇ ਸਕਾਲਰਸ਼ਿਪ ਹਾਸਲ ਕੀਤੀ ਹੈ, ਜਿਨ੍ਹਾਂ 'ਚ 918 ਲੜਕੀਆਂ ਸ਼ਾਮਿਲ ਹਨ। ਇਹ ਸਕਾਲਰਸ਼ਿਪ 110 ਸਟਰੀਮਾਂ 'ਚ ਯੂ. ਜੀ. ਅਤੇ ਪੀ. ਜੀ. ਕੋਰਸਾਂ ਵਿਚ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਲਈ 210 ਕਰੋੜ ਰੁ. ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। 6 ਜੂਨ ਤੋਂ 8 ਜੂਨ ਤੱਕ ਕਰਵਾਏ ਜਾ ਰਹੀ ਇਸ ਤਿੰਨ ਰੋਜ਼ਾ ਸਮਿੱਟ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਲੋਂ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਨਾਲ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਸਕਾਲਰਜ਼ ਸਮਿੱਟ ਦੇ ਪਹਿਲੇ ਦਿਨ ਵੱਖ-ਵੱਖ ਸੈਸ਼ਨਾਂ ਰਾਹੀਂ ਪ੍ਰਸਿੱਧ ਬੁਲਾਰਿਆਂ, ਉਦਯੋਗ ਮਾਹਿਰਾਂ ਅਤੇ ਮਨੋਰੰਜਨ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਨਿਰਮਾਣ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ। ਇਨ੍ਹਾਂ ਪ੍ਰਮੁੱਖ ਹਸਤੀਆਂ 'ਚ ਆਈ. ਏ. ਐਸ. ਅਧਿਕਾਰੀ ਸੋਨਲ ਗੋਇਲ, ਗੌਰਵ ਤਨੇਜਾ (ਫਲਾਇੰਗ ਬੀਸਟ), ਗਾਇਕਾ ਤੇ ਅਦਾਕਾਰਾ ਖੁਸ਼ਬੂ ਗਰੇਵਾਲ, ਪੰਜਾਬੀ ਅਦਾਕਾਰ ਬਿੰਨੂ ਢਿੱਲੋਂ, ਗਾਇਕ ਜੀ ਖਾਨ ਅਤੇ ਅਦਾਕਾਰਾ ਕਨਿਕਾ ਮਾਨ ਸ਼ਾਮਿਲ ਸਨ। ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਉੱਚ ਸਿੱਖਿਆ ਨੂੰ ਸਾਰਿਆਂ ਤੱਕ ਪਹੁੰਚਯੋਗ ਬਣਾਉਣ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਕਰਨ 'ਚ ਚੰਡੀਗੜ੍ਹ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਸ਼ਵ ਪੱਧਰ 'ਤੇ ਟਾਪ ਦੀਆਂ ਯੂਨੀਵਰਸਿਟੀਆਂ 'ਚ ਆਪਣਾ ਸਥਾਨ ਬਣਾਇਆ ਹੈ ਅਤੇ ਇਸੇ ਕਾਰਨ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵਿਦਿਆਰਥੀ ਇਸ ਯੂਨੀਵਰਸਿਟੀ ਵਿਖੇ ਪੜ੍ਹਨ ਲਈ ਆਉਂਦੇ ਹਨ। ਇਸ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਸੀ. ਯੂ. ਸਕਾਲਰਜ਼ ਸਮਿੱਟ ਦੇ ਉਦਘਾਟਨੀ ਸਮਾਗਮ 'ਚ ਪੁੱਜੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਉੱਚ ਰੈਂਕਿੰਗ ਪ੍ਰਾਪਤ ਕਰਨਾ ਨਹੀਂ ਹੈ, ਸਗੋਂ ਅਜਿਹੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਖੋਜ ਅਤੇ ਨਿਰਮਾਣ ਕਰਨਾ ਹੈ ਜੋ ਤਕਨਾਲੋਜੀ, ਨੀਤੀ ਨਿਰਮਾਣ ਅਤੇ ਸਮਾਜ ਸੇਵਾ 'ਚ ਵਿਕਸਿਤ ਭਾਰਤ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹੋਣਹਾਰ ਵਿਦਿਆਰਥੀਆਂ ਨੂੰ ਲੱਭ ਕੇ ਸਕਾਲਰਸ਼ਿਪ ਪ੍ਰਦਾਨ ਕਰਦੀ ਹੈ ਅਤੇ ਉਨ੍ਹਾਂ ਨੂੰ ਆਉਣ ਵਾਲੇ ਭਵਿੱਖ 'ਚ ਆਪਣੇ ਖੇਤਰਾਂ 'ਚ ਲੀਡਰ ਬਣਨ ਦੇ ਸਮਰੱਥ ਬਣਾਉਂਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ