ਪੀ.ਏ.ਯੂ. ਵਲੋਂ ਤਿਆਰ 'ਪੰਜਾਬ ਅੰਮ੍ਰਿਤ ' ਖ਼ਰਬੂਜ਼ੇ ਦੀ ਕਿਸਮ 'ਬੌਬੀ ਹਾਈਬ੍ਰਿਡ' ਦਾ ਮੁਕਾਬਲਾ ਕਰੇਗੀ - ਡਾ. ਸਤਬੀਰ ਸਿੰਘ ਗੋਸਲ

ਕਪੂਰਥਲਾ, 1 ਜੂਨ (ਅਮਰਜੀਤ ਕੋਮਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਲਈ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਖ਼ਰਬੂਜ਼ੇ ਦੀ 'ਬੌਬੀ ਹਾਈਬ੍ਰਿਡ' ਕਿਸਮ ਦੇ ਮੁਕਾਬਲੇ ਤਿਆਰ ਕੀਤੀ 'ਪੰਜਾਬ ਅੰਮ੍ਰਿਤ ' ਖ਼ਰਬੂਜ਼ੇ ਦੀ ਕਿਸਮ ਦੇ ਟਰਾਇਲ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਸਫ਼ਲ ਹੋਏ ਹਨ, ਜਿਸ ਨੂੰ ਮੁੱਖ ਰੱਖਦਿਆਂ ਯੂਨੀਵਰਸਿਟੀ ਵਲੋਂ ਅਗਲੇ ਵਰ੍ਹੇ ਰਾਜ ਦੇ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ 'ਪੰਜਾਬ ਅੰਮ੍ਰਿਤ ' ਕਿਸਮ ਦੇ ਖ਼ਰਬੂਜ਼ੇ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਸਤਬੀਰ ਸਿੰਘ ਗੋਸਲ ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਅੱਜ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਰਿੰਦਪੁਰ ਦੇ ਅਗਾਂਹਵਧੂ ਕਿਸਾਨ ਇੱਛਾ ਸਿੰਘ ਢੋਟ ਦੇ ਫਾਰਮ 'ਤੇ ਕਰਵਾਈ ਗਈ ਫ਼ੀਲਡ ਵਰਕਸ਼ਾਪ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਪਿਛਲੇ ਕਈ ਵਰ੍ਹਿਆਂ ਤੋਂ ਖ਼ਰਬੂਜ਼ਾ ਉਤਪਾਦਕ ਕਿਸਾਨ ਬੌਬੀ ਕਿਸਮ ਦੇ ਖ਼ਰਬੂਜ਼ੇ ਦਾ ਸਵਾ ਲੱਖ ਰੁਪਏ ਕਿੱਲੋ ਦੇ ਹਿਸਾਬ ਨਾਲ ਬੀਜ ਖ਼ਰੀਦਦੇ ਹਨ ਅਤੇ ਯੂਨੀਵਰਸਿਟੀ ਵਲੋਂ ਤਿਆਰ ਕੀਤੇ 'ਪੰਜਾਬ ਅੰਮ੍ਰਿਤ ' ਕਿਸਮ ਦੇ ਖ਼ਰਬੂਜ਼ੇ ਦਾ ਬੀਜ ਕਿਸਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲੇਗਾ । ਉਨ੍ਹਾਂ ਕਿਹਾ ਕਿ ਖ਼ਰਬੂਜ਼ੇ ਦੀ ਇਸ ਨਵੀਂ ਕਿਸਮ ਦਾ ਝਾੜ ਵੀ ਬੌਬੀ ਖ਼ਰਬੂਜ਼ੇ ਦਾ ਮੁਕਾਬਲਾ ਕਰਦਾ ਹੈ ਤੇ ਇਸ ਵਿਚ ਮਿਠਾਸ ਤੇ ਲੋੜੀਂਦੇ ਵਿਟਾਮਿਨ ਵੀ ਉਪਲਬਧ ਹੈ। ਇਸ ਕਿਸਮ ਦੇ ਖ਼ਰਬੂਜ਼ੇ 'ਤੇ ਬਿਮਾਰੀਆਂ ਵੀ ਬਹੁਤ ਘੱਟ ਹਮਲਾ ਕਰਦੀਆਂ ਹਨ । ਉਪ ਕੁਲਪਤੀ ਨੇ ਕਿਸਾਨਾਂ ਨੂੰ ਬਰਸਾਤੀ ਮੱਕੀ ਬੀਜਣ ਦੀ ਸਲਾਹ ਦਿੱਤੀ ।