ਸਰਹੱਦ ਤੋਂ ਚੀਨ ਦਾ ਬਣਿਆ ਡਰੋਨ ਤੇ ਅੱਧਾ ਕਿੱਲੋ ਹੈਰੋਇਨ ਬਰਾਮਦ

ਖੇਮਕਰਨ (ਤਰਨ ਤਾਰਨ ),1 ਜੂਨ (ਰਾਕੇਸ਼ ਕੁਮਾਰ ਬਿੱਲਾ) - ਖੇਮਕਰਨ ਦੇ ਸਰਹੱਦੀ ਖੇਤਰ ਦੀ ਸਰਹੱਦੀ ਚੌਕੀ ਕੇ.ਕੇ. ਬੈਰੀਅਰ ਨਜ਼ਦੀਕ ਪੈਂਦੀ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਕੋਲੋਂ ਪੁਲਿਸ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਤੇ ਬੀ. ਐਸ. ਐਫ. ਜਵਾਨਾਂ ਨੇ ਸਾਂਝੀ ਤਲਾਸ਼ੀ ਮੁਹਿੰਮ ਵਿਚ ਕਿਸਾਨ ਗੁਰਚੇਤ ਸਿੰਘ ਪੁੱਤਰ ਬਾਜ਼ ਸਿੰਘ ਵਾਸੀ ਖੇਮਕਰਨ ਦੀ ਜ਼ਮੀਨ 'ਚ ਪਕਿਸਤਾਨ ਵਲੋਂ ਆਇਆ ਚੀਨ ਦਾ ਬਣਿਆ ਹੋਇਆ ਇਕ ਡਰੋਨ ਬਰਾਮਦ ਕੀਤਾ ਹੈ। ਇਸ ਦੇ ਨਾਲ ਇਕ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਇਕ ਪੈਕਟ ਵੀ ਮਿਲਿਆ ਹੈ, ਜਿਸ 'ਚੋਂ ਕਰੀਬ ਅੱਧਾ ਕਿੱਲੋ ਹੈਰੋਇਨ ਵੀ ਮਿੱਲੀ ਹੈ। ਥਾਣਾ ਮੁੱਖੀ ਖੇਮਕਰਨ ਐਸ. ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।