ਸਮਰਾਲਾ ਬਲਾਕ ਕਾਂਗਰਸ ਦੇ ਪ੍ਰਧਾਨ ਤੇ ਨਗਰ ਕੌਂਸਲ ਦੇ ਉਪ ਪ੍ਰਧਾਨ ਸਨੀ ਦੂਆ ਦਾ ਦਿਹਾਂਤ

ਸਮਰਾਲਾ, 23 ਮਈ (ਗੋਪਾਲ ਸੋਫ਼ਤ)-ਸਥਾਨਕ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਨਗਰ ਕੌਂਸਲ ਦੇ ਉੱਪ ਪ੍ਰਧਾਨ ਸਨੀ ਦੂਆ (40) ਦਾ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਸ਼ਹਿਰ ਦੇ ਸਾਰੇ ਧਾਰਮਿਕ ਕੰਮਾਂ ਵਿਚ ਅੱਗੇ ਹੋ ਕੇ ਯੋਗਦਾਨ ਪਾਉਣ ਵਾਲੇ ਸਨੀ ਦੂਆ ਨਾ ਸਿਰਫ ਅਨੇਕਾਂ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਨਾਲ ਜੁੜੇ ਹੋਏ ਸਨ, ਬਲਕਿ ਇਸ ਹਲਕੇ ਵਿਚ ਕਾਂਗਰਸ ਦੇ ਵੀ ਵੱਡੇ ਧੰਮ ਸਨ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਬੀਤੀ ਰਾਤ ਛਾਤੀ ਵਿਚ ਦਰਦ ਮਹਿਸੂਸ ਹੋਇਆ ਸੀ ਪਰ ਛੇਤੀ ਹੀ ਤਕਲੀਫ ਘੱਟ ਜਾਣ ’ਤੇ ਉਨ੍ਹਾਂ ਇਸ ਨੂੰ ਆਮ ਦਰਦ ਸਮਝ ਲਿਆ ਪਰ ਅੱਜ ਸ਼ਾਮੀਂ 4 ਵਜੇ ਮੁੜ ਉਨ੍ਹਾਂ ਨੂੰ ਉਸ ਸਮੇਂ ਤੇਜ਼ ਦਰਦ ਮਹਿਸੂਸ ਹੋਇਆ ਜਦੋਂ ਉਹ ਆਪਣੀ ਦੁਕਾਨ ਉੱਤੇ ਬੈਠੇ ਸਨ। ਇਸ ਦੌਰਾਨ ਉਨ੍ਹਾਂ ਨੂੰ ਤੁਰੰਤ ਨੇੜਲੇ ਕੌਸ਼ਲ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਗੰਭੀਰ ਸਥਿਤੀ ਨੂੰ ਵੇਖਦਿਆਂ ਲੁਧਿਆਣਾ ਦੇ ਫੌਰਟਿਸ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿਚ ਹੀ ਇਹ ਦਿਲ ਦਾ ਦੌਰਾ ਸਨੀ ਦੂਆ ਲਈ ਜਾਨਲੇਵਾ ਸਿੱਧ ਹੋਇਆ ਅਤੇ ਉਨ੍ਹਾਂ ਦੀ ਮੌਤ ਹੋ ਗਈ।