ਪੁਲਿਸ ਦਾ ਗੈਂਗਸਟਰਾਂ ਨਾਲ ਮੁਕਾਬਲਾ, ਇਕ ਜ਼ਖਮੀ

ਨਵਾਂਸ਼ਹਿਰ, 15 ਮਈ (ਜਸਬੀਰ ਸਿੰਘ ਨੂਰਪੁਰ)-ਬੰਗਾ ਇਲਾਕੇ ਦੇ ਪਿੰਡ ਲਾਦੀਆਂ ਕਟਾਰੀਆਂ ਲਾਗੇ ਬਹਿਰਾਮ ਪੁਲਿਸ ਨਾਲ ਮੁਕਾਬਲੇ ਵਿਚ ਇਕ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਪਿੰਡ ਮਢਾਲੀ ਦੇ ਪ੍ਰੇਮ ਸਿੰਘ ਦਾ ਕਤਲ ਹੋਇਆ ਸੀ ਤੇ ਉਸ ਸਬੰਧ ਵਿਚ ਪੁਲਿਸ ਨੇ ਕਥਿਤ ਦੋਸ਼ੀ ਬਲਜੀਤ ਸਿੰਘ ਨੂੰ ਨਾਮਜ਼ਦ ਕੀਤਾ ਸੀ। ਪੁਲਿਸ ਨੂੰ ਸੂਚਨਾ ਮਿਲਣ ਉਤੇ ਪੁਲਿਸ ਵਲੋਂ ਅੱਜ ਲਾਦੀਆਂ ਕਟਾਰੀਆਂ ਬੇਈ ਲਾਗੇ ਘੇਰਾਬੰਦੀ ਕੀਤੀ ਗਈ। ਜਿਥੇ ਬਲਜੀਤ ਸਿੰਘ ਵਲੋਂ ਪੁਲਿਸ ਉਤੇ ਗੋਲੀ ਚਲਾ ਦਿੱਤੀ ਗਈ। ਪੁਲਿਸ ਵਲੋਂ ਜਵਾਬੀ ਦੋ ਗੋਲੀਆਂ ਚਲਾਉਣ ਉਤੇ ਬਲਜੀਤ ਸਿੰਘ ਗੰਭੀਰ ਰੂਪ ਵਿਚ ਫੱਟੜ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਮੌਕੇ ਉਤੇ ਪੁੱਜੇ। ਉਨ੍ਹਾਂ ਕਿਹਾ ਕਿ ਪ੍ਰੇਮ ਸਿੰਘ ਦੇ ਕਤਲ ਮਾਮਲੇ ਵਿਚ ਬਲਜੀਤ ਸਿੰਘ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੇ ਪੁਲਿਸ ਦੇ ਗੋਲੀ ਚਲਾ ਦਿੱਤੀ। ਪੁਲਿਸ ਵਲੋਂ ਜਵਾਬੀ ਗੋਲੀ ਵਿਚ ਬਲਜੀਤ ਸਿੰਘ ਫੱਟੜ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।