JALANDHAR WEATHER

ਸੂਬੇ ਦੇ ਪਾਣੀ ਲਈ ਪੰਜਾਬੀ ਹਰ ਕੁਰਬਾਨੀ ਦੇਣ ਲਈ ਤਿਆਰ ਹੈ- ਮਾਈਨਿੰਗ ਮੰਤਰੀ

ਨੰਗਲ, 13 ਮਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਦੇ ਪਾਣੀ ਨੂੰ ਭਾਜਪਾ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਨਾਜਾਇਜ਼ ਢੰਗ ਨਾਲ ਹਥਿਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਦੋਂਕਿ ਪੰਜਾਬ ਕੋਲ ਹੋਰ ਸੂਬਿਆਂ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਪੰਜਾਬ ਦੇ ਕਿਸਾਨਾਂ ਨੇ ਨਹਿਰਾਂ, ਦਰਿਆਵਾਂ ਲਈ ਆਪਣੀਆਂ ਜ਼ਮੀਨਾਂ ਦਿੱਤੀਆਂ ਹਨ ਪਰ ਕੁਦਰਤੀ ਸ੍ਰੋਤਾਂ ਦਾ ਲਾਭ ਹਮੇਸ਼ਾ ਹੋਰ ਸੂਬੇ ਹਾਸਿਲ ਕਰਦੇ ਰਹੇ ਹਨ। ਪੰਜਾਬ ਦੇ ਕਿਸਾਨਾਂ ਨੇ ਆਪਣੀ ਜ਼ਮੀਨ ਵਿਚ ਫਸਲਾਂ ਉਗਾਉਣ ਲਈ ਟਿਊਬਵੈੱਲ ਨਾਲ ਜ਼ਮੀਨ ਹੇਠਲਾ ਪਾਣੀ ਵਰਤ ਕੇ ਆਪਣੀ ਜ਼ਮੀਨ ਨੂੰ ਰੇਗਿਸਤਾਨ ਬਣਾ ਲਿਆ ਹੈ ਅਤੇ ਇਸ ਦੀਆਂ ਫਸਲਾਂ ਨਾਲ ਕੇਂਦਰੀ ਪੂਲ ਵਿਚ ਹਿੱਸਾ ਪਾਇਆ ਹੈ। ਇਹ ਪ੍ਰਗਟਾਵਾ ਬਰਿੰਦਰ ਕੁਮਾਰ ਗੋਇਲ ਕੈਬਨਿਟ ਮੰਤਰੀ ਖਣਨ ਤੇ ਭੂ ਵਿਗਿਆਨ, ਭੂਮੀ, ਜਲ ਸੰਭਾਲ ਅਤੇ ਜਲ ਸ੍ਰੋਤ ਵਿਭਾਗ ਨੇ ਨੰਗਲ ਡੈਮ ਵਿਖੇ ਭਰਵੇਂ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਨੰਗਲ ਡੈਮ ਉੱਤੇ ਦਿਨ ਰਾਤ ਪਾਣੀ ਉਤੇ ਪਹਿਰੇਦਾਰੀ ਜਾਰੀ ਹੈ, ਰੋਜ਼ਾਨਾ ਕੈਬਨਿਟ ਮੰਤਰੀ, ਵਿਧਾਇਕ, ਜ਼ਿਲ੍ਹਾ ਪ੍ਰਧਾਨ, ਚੇਅਰਮੈਨ, ਬਲਾਕ ਪ੍ਰਧਾਨ ਅਤੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਜਾਗਰੂਕ ਨਾਗਰਿਕ ਨੰਗਲ ਡੈਮ ਉਤੇ ਲੱਗੇ ਧਰਨੇ ਵਿਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਕਹਿਣਾ ਹੈ ਕਿ ਪੰਜਾਬ ਕੋਲ ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਪਾਣੀ ਦੀ ਇਕ ਬੂੰਦ ਵੀ ਫਾਲਤੂ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਇਨਸਾਨੀਅਤ ਦੇ ਨਾਤੇ ਹਰਿਆਣਾ ਨੂੰ ਉਸ ਦੇ ਨਿਰਧਾਰਤ ਕੋਟੇ ਤੋਂ ਵੱਧ 4000 ਕਿਊਸਿਕ ਪਾਣੀ ਦੇ ਰਿਹਾ ਹੈ। ਸਮੇਂ-ਸਮੇਂ ਉਤੇ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਵਾਧੂ ਪਾਣੀ ਸੰਜਮ ਨਾਲ ਵਰਤਣ ਲਈ ਚੇਤੰਨ ਕੀਤਾ ਸੀ ਪਰ ਹਰਿਆਣਾ ਨੇ ਉਸ ਦੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਬੀ.ਬੀ.ਐਮ.ਬੀ. ਵਲੋਂ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਕਿਉਂਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਪਹਿਲਾਂ ਹੀ ਲੈ ਚੁੱਕਾ ਹੈ, ਪੰਜਾਬ ਵਲੋਂ ਉਸ ਨੂੰ ਇਨਸਾਨੀਅਤ ਦੇ ਨਾਤੇ ਇਸ ਸਮੇਂ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਾਣੀਆਂ ਦੀ ਰੱਖਿਆ ਲਈ ਅੱਗੇ ਆ ਕੇ ਕੇਂਦਰ ਸਰਕਾਰ ਅਤੇ ਬੀ.ਬੀ.ਐਮ.ਬੀ. ਦਾ ਵਿਰੋਧ ਕਰ ਰਹੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ