ਭਾਰਤ ਦੀ ਅੱਤਵਾਦ ਵਿਰੁੱਧ ਲਕਸ਼ਮਣ ਰੇਖਾ ਹੈ ਬਿਲਕੁੱਲ ਸਪੱਸ਼ਟ- ਪ੍ਰਧਾਨ ਮੰਤਰੀ
ਆਦਮਪੁਰ, (ਜਲੰਧਰ), 13 ਮਈ- ਆਦਮਪੁਰ ਏਅਰ ਬੇਸ ’ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਕਿਸਤਾਨ ਦੇ ਡਰੋਨ, ਉਨ੍ਹਾਂ ਦੇ ਯੂ.ਏ.ਵੀ., ਜਹਾਜ਼ ਅਤੇ ਮਿਜ਼ਾਈਲਾਂ, ਇਹ ਸਾਰੇ ਸਾਡੇ ਸਮਰੱਥ ਹਵਾਈ ਰੱਖਿਆ ਦੇ ਸਾਹਮਣੇ ਅਸਫਲ ਹੋ ਗਏ। ਮੈਂ ਦੇਸ਼ ਦੇ ਸਾਰੇ ਹਵਾਈ ਅੱਡਿਆਂ ਦੀ ਅਗਵਾਈ ਅਤੇ ਭਾਰਤੀ ਹਵਾਈ ਸੈਨਾ ਦੇ ਹਰੇਕ ਹਵਾਈ ਯੋਧੇ ਦੀ ਦਿਲੋਂ ਪ੍ਰਸ਼ੰਸਾ ਕਰਦਾ ਹਾਂ। ਤੁਸੀਂ ਸੱਚਮੁੱਚ ਸ਼ਾਨਦਾਰ ਕੰਮ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੀ ਅੱਤਵਾਦ ਵਿਰੁੱਧ ‘ਲਕਸ਼ਮਣ ਰੇਖਾ’ ਹੁਣ ਬਿਲਕੁਲ ਸਪੱਸ਼ਟ ਹੈ। ਜੇਕਰ ਹੁਣ ਇਕ ਹੋਰ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਭਾਰਤ ਜਵਾਬ ਦੇਵੇਗਾ ਤੇ ਇਕ ਠੋਸ ਜਵਾਬ ਤੇ ਅਸੀਂ ਇਹ ਸਰਜੀਕਲ ਸਟਰਾਈਕ ਦੌਰਾਨ, ਹਵਾਈ ਹਮਲੇ ਦੌਰਾਨ ਦੇਖਿਆ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਕਿ ਮੈਂ ਕੱਲ੍ਹ ਕਿਹਾ ਸੀ, ਭਾਰਤ ਨੇ ਤਿੰਨ ਬਿੰਦੂਆਂ ’ਤੇ ਫੈਸਲਾ ਲਿਆ ਹੈ। ਪਹਿਲਾ, ਜੇਕਰ ਭਾਰਤ ’ਤੇ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਅਸੀਂ ਆਪਣੇ ਤਰੀਕੇ ਨਾਲ, ਆਪਣੀ ਸਥਿਤੀ ’ਤੇ, ਆਪਣੇ ਸਮੇਂ ’ਤੇ ਜਵਾਬ ਦੇਵਾਂਗੇ। ਦੂਜਾ, ਭਾਰਤ ਕਿਸੇ ਵੀ ਪ੍ਰਮਾਣੂ ਬਲੈਕਮੇਲ ਨੂੰ ਬਰਦਾਸ਼ਤ ਨਹੀਂ ਕਰੇਗਾ। ਤੀਜਾ, ਅਸੀਂ ਅੱਤਵਾਦ ਦਾ ਸਮਰਥਨ ਕਰਨ ਵਾਲੀ ਸਰਕਾਰ ਅਤੇ ਅੱਤਵਾਦੀ ਮਾਸਟਰਮਾਈਂਡਾਂ ਨੂੰ ਵੱਖ-ਵੱਖ ਹਸਤੀਆਂ ਵਜੋਂ ਨਹੀਂ ਦੇਖਾਂਗੇ। ਦੁਨੀਆ ਵੀ ਭਾਰਤ ਦੇ ਨਵੇਂ ਰੂਪ, ਇਸ ਦੀ ਨਵੀਂ ਪ੍ਰਣਾਲੀ ਨੂੰ ਸਮਝ ਕੇ ਅੱਗੇ ਵਧ ਰਹੀ ਹੈ।