ਹਥਿਆਰਬੰਦ ਸੈਨਾਵਾਂ ਦੇ ਅਜਿੱਤ ਸਾਹਸ ’ਤੇ ਮਾਣ ਹੈ- ਸੰਬਿਤ ਪਾਤਰਾ

ਨਵੀਂ ਦਿੱਲੀ, 12 ਮਈ- ਭਾਜਪਾ ਸੰਸਦ ਮੈਂਬਰ ਅਤੇ ਪਾਰਟੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸਾਨੂੰ ਆਪ੍ਰੇਸ਼ਨ ਸੰਧੂਰ ਦੀ ਸਫਲਤਾ ਲਈ ਆਪਣੇ ਸੁਰੱਖਿਆ ਬਲਾਂ ’ਤੇ ਮਾਣ ਹੈ। ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਭਾਰਤੀ ਹਥਿਆਰਬੰਦ ਸੈਨਾਵਾਂ ਨੇ ਆਪ੍ਰੇਸ਼ਨ ਸੰਧੂਰ ਦੌਰਾਨ ਅਦੁੱਤੀ ਹਿੰਮਤ ਦਿਖਾਈ। ਸੰਬਿਤ ਪਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਅਸੀਂ ਅੱਤਵਾਦ ਦਾ ਸਫਾਇਆ ਕਰਾਂਗੇ ਅਤੇ ਉਨ੍ਹਾਂ ਦੇ ਘਰਾਂ ਵਿਚ ਵੜ ਕੇ ਉਨ੍ਹਾਂ ਨੂੰ ਮਾਰਾਂਗੇ। ਭਾਰਤ ਨੇ 6-7 ਮਈ ਦੀ ਰਾਤ ਨੂੰ ਵੀ ਅਜਿਹਾ ਹੀ ਕੀਤਾ। ਪਾਕਿਸਤਾਨ ਨੂੰ ਪਹਿਲਾਂ ਹੀ ਪਤਾ ਸੀ ਕਿ ਪਹਿਲਾਂ ਵਾਂਗ ਇਸ ਵਾਰ ਵੀ ਹਮਲਾ ਹੋਵੇਗਾ, ਪਰ ਸਭ ਕੁਝ ਜਾਣਨ ਦੇ ਬਾਵਜੂਦ, ਉਹ ਕਾਰਵਾਈ ਦੀ ਤਾਰੀਖ਼ ਦਾ ਪਤਾ ਨਹੀਂ ਲਗਾ ਸਕਿਆ। ਸੰਬਿਤ ਪਾਤਰਾ ਨੇ ਕਿਹਾ ਕਿ ਆਪ੍ਰੇਸ਼ਨ ਸੰਧੂਰ ਦੇ ਫੌਜੀ ਅਤੇ ਨਾਗਰਿਕ ਦੋਵੇਂ ਪਹਿਲੂ ਹਨ, ਜਿਸ ਦੇ ਤਹਿਤ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਪਾਕਿਸਤਾਨ ਨਾਲ ਸਾਰੇ ਵਪਾਰ ਨੂੰ ਵੀ ਰੋਕ ਦਿੱਤਾ ਗਿਆ ਸੀ। ਪਾਕਿਸਤਾਨ ਦਾ ਵੱਡਾ ਖੇਤੀਬਾੜੀ ਖੇਤਰ ਸਿੰਧੂ ਨਦੀ ਦੇ ਪਾਣੀ ’ਤੇ ਨਿਰਭਰ ਹੈ। ਅਜਿਹੀ ਸਥਿਤੀ ਵਿਚ, ਭਾਰਤ ਦੀ ਸਖ਼ਤ ਕਾਰਵਾਈ ਦਾ ਪਾਕਿਸਤਾਨ ਦੀ ਆਰਥਿਕਤਾ ’ਤੇ ਵੱਡਾ ਪ੍ਰਭਾਵ ਪਵੇਗਾ। ਸੰਬਿਤ ਪਾਤਰਾ ਨੇ ਕਿਹਾ ਕਿ ਭਾਰਤ ਨੇ ਕੂਟਨੀਤਕ ਪੱਧਰ ’ਤੇ ਵੀ ਪਾਕਿਸਤਾਨ ਨੂੰ ਅਲੱਗ-ਥਲੱਗ ਕਰ ਦਿੱਤਾ ਸੀ ਅਤੇ ਕਿਸੇ ਵੀ ਦੇਸ਼ ਨੇ ਪਾਕਿਸਤਾਨ ਦਾ ਸਮਰਥਨ ਨਹੀਂ ਕੀਤਾ।