ਜ਼ੋਰਦਾਰ ਧਮਾਕਾ ਹੋਣ ਉਪਰੰਤ ਵਿਅਕਤੀ ਝੁਲਸਿਆ

ਕਪੂਰਥਲਾ, 12 ਮਈ (ਅਮਨਜੋਤ ਸਿੰਘ ਵਾਲਿਆ)- ਸ਼ੇਖੂਪੁਰ ਵਿਖੇ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਅਚਾਨਕ ਜ਼ੋਰਦਾਰ ਧਮਾਕਾ ਹੋਣ ਕਾਰਨ ਇਕ ਵਿਅਕਤੀ ਦੇ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਇਲਾਜ ਲਈ ਦਾਖਲ ਕਰਵਾਇਆ। ਪੀੜਤ ਵਿਅਕਤੀ ਦੀ ਪਛਾਣ ਸੁਖਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸ਼ੇਖੂਪੁਰ ਖਰਬੂਜਾ ਮੰਡੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ੇਰੇ ਇਲਾਜ ਵਿਅਕਤੀ ਸਵੇਰ ਦੇ ਸਮੇਂ ਜਦੋਂ ਨਹਾ ਕੇ ਬਾਥਰੂਮ ਵਿਚੋਂ ਬਾਹਰ ਨਿਕਲਿਆ ਅਤੇ ਲਾਈਟ ਜਗਾਉਣ ਲਈ ਸਵਿਚ ਆਨ ਕਰਨ ਲੱਗਾ ਤਾਂ ਅਚਾਨਕ ਜ਼ੋਰਦਾਰ ਧਮਾਕਾ ਹੋਇਆ, ਜਿਵੇਂ ਕੋਈ ਅਸਮਾਨੀ ਬਿਜਲੀ ਪਈ ਹੋਵੇ ਅਤੇ ਵਿਹੜੇ ਵਿਚ ਲੱਗਾ ਫਾਈਬਰ ਦੇ ਨਾਲ ਲੈਂਟਰ ਨੇੜੇ ਤਰੇੜਾਂ ਪੈ ਗਈਆਂ ਤੇ ਘਰ ਦੇ ਸ਼ੀਸ਼ੇ ਵੀ ਟੁੱਟ ਗਏ। ਇਸ ਦੌਰਾਨ ਵਿਅਕਤੀ ਵੀ ਹੱਥਾਂ ਪੈਰਾਂ ਤੋਂ ਕਾਫੀ ਝੁਲਸ ਗਿਆ, ਜਿਸ ਦਾ ਇਲਾਜ ਡਿਊਟੀ ਡਾਕਟਰ ਜਸ਼ਨ ਵਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਵੇਰ ਦੇ ਸਮੇਂ ਜ਼ੋਰਦਾਰ ਧਮਾਕਾ ਸੁਣਿਆ, ਜਿਵੇਂ ਕੋਈ ਅਸਮਾਨੀ ਬਿਜਲੀ ਪਈ ਹੋਵੇ ਪਰ ਕੋਈ ਵੀ ਦੱਸ ਨਹੀਂ ਸਕਿਆ ਕਿ ਅਸਮਾਨੀ ਬਿਜਲੀ ਡਿੱਗੀ ਹੈ ਜਾਂ ਸ਼ਾਰਟ ਸਰਕਟ ਹੋਇਆ ਹੈ।