ਭਾਰਤੀ ਫੌਜ ਬਾਰੇ ਇਤਰਾਜ਼ਯੋਗ ਵੀਡੀਓ ਸ਼ੇਅਰ ਕਰਨ ਦੇ ਦੋਸ਼ ਵਿਚ ਸਕੂਲ ਦਾ ਕਲਰਕ ਗ੍ਰਿਫ਼ਤਾਰ

ਖੰਨਾ , 11 ਮਈ (ਹਰਜਿੰਦਰ ਸਿੰਘ ਲਾਲ)- ਖੰਨਾ ਪੁਲਿਸ ਵੱਲੋਂ ਸਥਾਨਕ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਦੇ ਇਕ ਕਲਰਕ ਸਤਵੰਤ ਸਿੰਘ ਵਾਸੀ ਹਰਿਓਂ ਕਲਾਂ ਨੂੰ ਸੋਸ਼ਲ ਮੀਡੀਆ ’ਤੇ ਕਥਿੱਤ ਰੂਪ ਵਿਚ ਭਾਰਤੀ ਫ਼ੌਜ ਬਾਰੇ ਇਤਰਾਜ਼ਯੋਗ ਵੀਡੀਓ ਸ਼ੇਅਰ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਵਿਚ ਇਕ ਵਿਅਕਤੀ ਦੱਸ ਰਿਹਾ ਹੈ ਕਿ ਭਾਰਤੀ ਫ਼ੌਜ ਦੇ ਟੈਂਕ ਉਸ ਦੇ ਪਿੰਡ ਵਿਚ ਆ ਗਏ ਹਨ ਅਤੇ ਉਹ ਭਾਰਤੀਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਇਸ ਝੂਠੀ ਕਹਾਣੀ ਦੀ ਵੀਡੀਓ ਨੂੰ ਕਲਰਕ ਵਲੋਂ ਸਾਂਝੀ ਕਰਨ 'ਤੇ ਖੰਨਾ ਦੇ ਲੋਕ ਗੁੱਸੇ ਵਿਚ ਆ ਗਏ । ਉਨ੍ਹਾਂ ਵਲੋਂ ਜਦੋਂ ਵੀਡੀਓ ਕਲਿੱਪ ਐਸ. ਐਸ. ਪੀ. ਖੰਨਾ, ਡੀ.ਸੀ. ਲੁਧਿਆਣਾ, ਐਸ. ਡੀ. ਐਮ. ਖੰਨਾ ਅਤੇ ਡੀ. ਐਸ. ਪੀ. ਖੰਨਾ ਨੂੰ ਭੇਜ ਦਿੱਤਾ ਗਿਆ ਤਾਂ ਪੁਲਿਸ ਤੁਰੰਤ ਹਰਕਤ ਵਿਚ ਆਈ ਤੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਦਰ ਥਾਣੇ ਦੇ ਐਸ. ਐਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਗਿਆ ਹੈ। ਸਾਈਬਰ ਕ੍ਰਾਈਮ ਰਾਹੀਂ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਸ ਨੇ ਇਹ ਵੀਡੀਓ ਕਿੱਥੋਂ ਲੈ ਕੇ ਸਾਂਝੀ ਕੀਤੀ ਹੈ। ਸੂਤਰਾਂ ਅਨੁਸਾਰ, ਪੁਲਿਸ ਇਸ ਘਟਨਾ ਦੇ ਬਿੰਦੂਆਂ ਨੂੰ ਜੋੜ ਰਹੀ ਹੈ ਅਤੇ ਅਸਲ ਦੋਸ਼ੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ।