ਮਮਦੋਟ ਨੇੜੇ ਦੋ ਧਿਰਾਂ ਦੀ ਆਪਸੀ ਲੜਾਈ 'ਚ ਚਾਰ ਜ਼ਖਮੀ

ਮਮਦੋਟ /ਫਿਰੋਜ਼ਪੁਰ, 10 ਮਈ (ਸੁਖਦੇਵ ਸਿੰਘ ਸੰਗਮ)-ਕਸਬਾ ਮਮਦੋਟ ਦੇ ਨਜ਼ਦੀਕੀ ਪਿੰਡ ਰਹੀਮੇ ਕੇ ਵਿਚ 10 ਮਈ ਸ਼ਾਮ ਨੂੰ ਦੋ ਧਿਰਾਂ ਵਿਚਕਾਰ ਹੋਈ ਲੜਾਈ ਦੌਰਾਨ ਇਕ ਧਿਰ ਦੇ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਦੌਰਾਨ ਜ਼ਖਮੀਆਂ ਨੂੰ ਮੁੱਢਲੇ ਇਲਾਜ ਲਈ ਸਰਕਾਰੀ ਹਸਪਤਾਲ ਮਮਦੋਟ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਡਾਕਟਰਾਂ ਨੇ ਇਕ ਗੰਭੀਰ ਰੂਪ ਵਿਚ ਜ਼ਖਮੀ ਵਿਅਕਤੀ ਨੂੰ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਹੈ। ਇਸ ਮੌਕੇ ਜ਼ਖਮੀ ਧਿਰ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਵਿਚ ਸਰਪੰਚੀ ਦੇ ਅਹੁਦੇ ਨੂੰ ਲੈ ਕੇ ਇਕ ਧਿਰ ਨਾਲ ਝਗੜਾ ਚੱਲ ਰਿਹਾ ਸੀ, ਜਿਸ ਰੰਜਿਸ਼ ਕਾਰਨ ਸ਼ਨੀਵਾਰ ਨੂੰ ਦੂਜੀ ਧਿਰ ਦੇ ਲੋਕਾਂ ਨੇ ਉਸਨੂੰ ਘੇਰ ਲਿਆ ਅਤੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁੱਟਮਾਰ ਕੀਤੀ। ਜਦੋਂ ਉਸਨੇ ਰੌਲਾ ਪਾਇਆ ਤਾਂ ਉਸਦਾ ਭਰਾ ਅਤੇ ਹੋਰ ਲੋਕ ਉਸਨੂੰ ਬਚਾਉਣ ਲਈ ਆਏ ਤਾਂ ਉਪਰੋਕਤ ਵਿਅਕਤੀਆਂ ਨੇ ਕਥਿਤ ਤੌਰ ਉਤੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ, ਜੋ ਉਸਨੂੰ ਤਿੰਨ ਥਾਵਾਂ 'ਤੇ ਲੱਗੀਆਂ। ਉਸ ਨੂੰ ਬਚਾਉਣ ਲਈ ਆਏ ਉਸਦੇ ਸਾਥੀਆਂ ਨੂੰ ਵੀ ਉਕਤ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਉਪਰੰਤ ਮਮਦੋਟ ਪੁਲਿਸ ਵਲੋ ਜ਼ਖਮੀਆਂ ਦੇ ਬਿਆਨ ਲੈਣ ਤੋਂ ਬਾਅਦ ਅਗਲੇਰੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ।