ਡੀ.ਐਮ.ਯੂ. ਟਰੇਨ ਹਾਦਸਾਗ੍ਰਸਤ ਹੋਣ ਤੋਂ ਵਾਲ-ਵਾਲ ਬਚੀ

ਗੁਰੂਹਰਸਹਾਏ, 8 ਮਈ (ਕਪਿਲ ਕੰਧਾਰੀ)-ਹਰ ਰੋਜ਼ ਫਾਜ਼ਿਲਕਾ ਤੋਂ ਚੱਲ ਕੇ ਫਿਰੋਜ਼ਪੁਰ ਨੂੰ ਜਾਣ ਵਾਲੀ ਡੀ.ਐਮ.ਯੂ. ਟਰੇਨ ਅੱਜ ਸ਼ਾਮ 4:15 ਵਜੇ ਦੇ ਕਰੀਬ ਹਾਦਸਾਗ੍ਰਸਤ ਹੋਣ ਤੋਂ ਵਾਲ-ਵਾਲ ਬਚ ਗਈ। ਜਾਣਕਾਰੀ ਦਿੰਦਿਆਂ ਡੇਲੀ ਪੈਸੰਜਰ ਸਮਿਤੀ ਦੇ ਮੈਂਬਰ ਜਿਮੀ ਮਨਚੰਦਾ, ਰਾਜਨ ਸ਼ਰਮਾ ਨੇ ਦੱਸਿਆ ਕਿ ਫਾਜਿਲਕਾ ਤੋਂ ਚੱਲ ਕੇ ਫਿਰੋਜ਼ਪੁਰ ਨੂੰ ਜਾਣ ਵਾਲੀ ਡੀ.ਐਮ.ਯੂ. ਟਰੇਨ ਜਦੋਂ ਜਲਾਲਾਬਾਦ ਤੋਂ ਚੱਲ ਕੇ ਜੀਵਾਂ ਅਰਾਈਂ ਸਟੇਸ਼ਨ ਵੱਲ ਜਾ ਰਹੀ ਸੀ ਤਾਂ ਟਰੇਨ ਜਦੋਂ ਜੀਵਾਂ ਰਾਈ ਤੋਂ ਚਾਰ ਕਿਲੋਮੀਟਰ ਪਿੱਛੇ ਪਹੁੰਚੀ ਤਾਂ ਉਥੇ ਰੇਲਵੇ ਲਾਈਨ ਉੱਪਰ ਮੌਸਮ ਖਰਾਬ ਹੋਣ ਕਰਕੇ ਦਰੱਖਤ ਡਿੱਗਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਟਰੇਨ ਆਪਣੀ ਸਪੀਡ ਨਾਲ ਜੀਵਾ ਅਰਾਈ ਵੱਲ ਵੱਧ ਰਹੀ ਸੀ ਜਦੋਂ ਮੌਕੇ ਉਤੇ ਖੜ੍ਹੇ ਲੋਕਾਂ ਨੇ ਦੇਖਿਆ ਕਿ ਰੇਲਵੇ ਲਾਈਨ ਉਤੇ ਦਰੱਖਤ ਡਿੱਗਿਆ ਪਿਆ ਹੈ, ਉਨ੍ਹਾਂ ਵਲੋਂ ਟਰੇਨ ਦੇ ਡਰਾਈਵਰ ਨੂੰ ਰੋਕਣ ਦਾ ਇਸ਼ਾਰਾ ਕੀਤਾ, ਜਿਸ ਤੋਂ ਬਾਅਦ ਟਰੇਨ ਡਰਾਈਵਰ ਵਲੋਂ ਐਮਰਜੰਸੀ ਬਰੇਕ ਲਗਾ ਕੇ ਟਰੇਨ ਨੂੰ ਰੋਕਿਆ। ਉਨ੍ਹਾਂ ਦੱਸਿਆ ਕਿ ਮੌਸਮ ਜ਼ਿਆਦਾ ਖਰਾਬ ਹੋਣ ਕਰਕੇ ਦਰੱਖਤ ਦੇ ਨਾਲ-ਨਾਲ ਬਿਜਲੀ ਦੀਆਂ ਤਾਰਾਂ ਵੀ ਡਿੱਗੀਆਂ ਪਈਆਂ ਸਨ। ਇਸ ਤੋਂ ਬਾਅਦ ਟਰੇਨ ਦੇ ਡਰਾਈਵਰ ਵਲੋਂ ਟਰੇਨ ਨੂੰ ਰੋਕ ਕੇ ਪਹਿਲਾਂ ਤਾਂ ਉਸ ਵਲੋਂ ਜਾਣਕਾਰੀ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਤੇ ਉਸ ਤੋਂ ਬਾਅਦ ਉਸ ਵਲੋਂ ਘਟਨਾ ਸੰਬੰਧੀ ਰੇਲਵੇ ਮਹਿਕਮੇ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਘਟਨਾ ਤੋਂ ਬਾਅਦ ਜਿਥੇ ਬਾਕੀ ਟਰੇਨਾਂ ਵੀ ਪ੍ਰਭਾਵਿਤ ਹੋਈਆਂ, ਉਥੇ ਹੀ ਯਾਤਰੀਆਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।