ਜੰਮੂ-ਕਸ਼ਮੀਰ ਦੀ ਸਾਰਾ ਖਾਨ ਦਾ 14 ਦਿਨ ਦਾ ਬੱਚਾ, ਜੰਮੂ ਕਸ਼ਮੀਰ ਪੁਲਿਸ ਪਾਕਿਸਤਾਨ ਭੇਜਣ ਲਈ ਅਟਾਰੀ ਸਰਹੱਦ ਲੈ ਕੇ ਪਹੁੰਚੀ

ਅਟਾਰੀ, (ਅੰਮ੍ਰਿਤਸਰ) 30 ਅਪ੍ਰੈਲ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)- ਜੰਮੂ-ਕਸ਼ਮੀਰ ਰਾਜ ਦੇ ਬੁੱਧਲ ਰਾਜਨਗਰ ਦੀ ਰਹਿਣ ਵਾਲੀ ਸਾਰਾ ਖਾਨ ਨੂੰ ਪਾਕਿਸਤਾਨ ਭੇਜਣ ਲਈ ਜੰਮੂ-ਕਸ਼ਮੀਰ ਪੁਲਿਸ ਲੈ ਕੇ ਕੌਮਾਂਤਰੀ ਅਟਾਰੀ ਸਰਹੱਦ ਪਹੁੰਚੀ। ਸਾਰਾ ਖਾਨ ਆਪਣੇ 14 ਦਿਨ ਦੇ ਬੱਚੇ ਨੂੰ ਗੋਦੀ ਵਿਚ ਪਾ ਕੇ ਰੋ ਕੁਰਲਾ ਰਹੀ ਸੀ। ਸਾਰਾ ਖਾਨ ਨੇ ਅਟਾਰੀ ਸਰਹੱਦ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਬੱਚੇ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਇਕ ਮਹੀਨਾ ਆਰਾਮ ਕਰਨ ਲਈ ਕਿਹਾ ਪਰ ਜੰਮੂ ਕਸ਼ਮੀਰ ਪੁਲਿਸ ਉਸ ਨੂੰ ਪਾਕਿਸਤਾਨ ਭੇਜਣ ਲਈ ਅਟਾਰੀ ਬਾਰਡਰ ਲੈ ਕੇ ਪਹੁੰਚੀ ਹੈ। ਸਾਰਾ ਖਾਨ ਨੇ ਹੱਡ ਬੀਤੀ ਦੱਸਦੇ ਹੋਏ ਕਿਹਾ ਕਿ ਉਹ ਮੀਰਪੁਰ ਆਜ਼ਾਦ ਕਸ਼ਮੀਰ ਦੇ ਰਹਿਣ ਵਾਲੇ ਸਨ। ਦੇਸ਼ ਦੀ ਵੰਡ ਹੋਣ ਸਮੇਂ ਉਹਨਾਂ ਦੇ ਵੱਡ-ਵਡੇਰੇ ਵਿਛੜ ਗਏ। ਮਾਤਾ ਪਿਤਾ ਨੇ ਭਾਰਤ ਰਹਿੰਦੇ ਰਿਸ਼ਤੇਦਾਰਾਂ ਨਾਲ ਮੇਲ ਮਿਲਾਪ ਵਧਾਉਣ ਲਈ ਉਸਦਾ ਭਾਰਤ ਰਹਿੰਦੇ ਔਰੰਗਜ਼ੇਬ ਖਾਨ ਨਾਲ ਸਾਲ 2017 ਵਿਚ ਨਿਕਾਹ ਕਰ ਦਿੱਤਾ ਸੀ। ਸਾਰਾ ਖਾਨ ਕੋਲ ਨਵਜੰਮੇ ਬੱਚੇ ਦਾ ਪਾਸਪੋਰਟ ਨਹੀਂ ਹੈ, ਜਿਸ ਕਾਰਨ ਉਸ ਦੇ 14 ਦਿਨ ਦੇ ਬੱਚੇ ਨੂੰ ਪਾਕਿਸਤਾਨ ਨਹੀਂ ਜਾਣ ਦਿੱਤਾ ਜਾਵੇਗਾ।