JALANDHAR WEATHER

30-04-2025

ਫਾਸਟ ਫੂਡ ਦੀ ਬਜਾਏ ਫ਼ਲ ਖਾਓ
ਅੱਜ ਦੀ ਨੌਜਵਾਨ ਪੀੜ੍ਹੀ ਬਹੁਤ ਜ਼ਿਆਦਾ ਫਾਸਟ ਫੂਡ ਖਾਂਦੀ ਹੈ, ਜੋ ਉਨ੍ਹਾਂ ਦੀ ਸਿਹਤ ਲਈ ਚੰਗਾ ਨਹੀਂ ਹੈ। ਫਲਾਂ ਵਿਚ ਕੁਦਰਤੀ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ, ਜਦਕਿ ਫਾਸਟ ਫੂਡ ਵਿਚ ਵੱਧ ਚਰਬੀ, ਨਮਕ ਅਤੇ ਖਾਲੀ ਕੈਲੋਰੀ ਹੁੰਦੀ ਹੈ, ਜੋ ਮੋਟਾਪਾ, ਦਿਲ ਦੀ ਬਿਮਾਰੀ ਅਤੇ ਸ਼ੂਗਰ ਦਾ ਕਾਰਨ ਬਣ ਸਕਦੀ ਹੈ। ਨਿਯਮਿਤ ਤੌਰ 'ਤੇ ਫਲ ਖਾਣ ਨਾਲ ਸਾਡਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।

-ਸਾਕੇਤ ਫ਼ਤਹਿਗੜ੍ਹ ਸਾਹਿਬ।

ਬਿਜਲੀ ਦੀ ਚੋਰੀ
ਪੰਜਾਬ ਸਰਕਾਰ ਨੇ ਜ਼ਿਆਦਾਤਰ ਬਿਜਲੀ ਮੁਆਫ਼ ਕੀਤੀ ਹੋਈ ਹੈ, ਚੋਰੀ ਫਿਰ ਵੀ ਜਾਰੀ ਹੈ। ਕਹਾਵਤ ਹੈ ਕਿ ਮੁੰਡੇ ਨੂੰ ਦੇਖਣ ਆਏ ਤਾਂ ਘਰ ਮੁਫ਼ਤ ਆਟਾ ਦਾਲ ਸਕੀਮ ਤਹਿਤ ਬੋਰੀ ਭਰੀ ਪਈ ਸੀ, ਕੁੜੀ ਵਾਲੇ ਇਹ ਕਹਿ ਕੇ ਮੁੜ ਗਏ ਕਿ ਇਨ੍ਹਾਂ ਦੀ ਨੀਅਤ ਨਹੀਂ ਭਰੀ ਇਹ ਰੱਜੇ ਪੁੱਜੇ ਵੀ ਆਟਾ ਦਾਲ ਲੈਂਦੇ ਹਨ। ਇਸ ਤਰਜ਼ 'ਤੇ ਜੋ ਹੁਣ ਵੀ ਬਿਜਲੀ ਚੋਰੀ ਕਰਦੇ ਹਨ, ਉਹ ਸਮਾਜਿਕ ਕਲੰਕੀ ਹਨ। ਹੱਦ ਹੋ ਗਈ ਹੈ ਕਿ 2024-25 ਵਿਚ ਬਿਜਲੀ ਚੋਰ 2000 ਕਰੋੜ ਦੀ ਚੋਰੀ ਕਰ ਗਏ। ਪਾਵਰ ਕਾਰਪੋਰੇਸ਼ਨ ਨੂੰ ਪ੍ਰਤੀ ਦਿਨ 5.5 ਕਰੋੜ ਦਾ ਬਿਜਲੀ ਚੋਰਾਂ ਨੇ ਰਗੜਾ ਲਾਇਆ। ਪਿਛਲੇ ਸਮਿਆਂ 'ਚ ਰਾਜਨੀਤਕ ਲੋਕਾਂ 'ਤੇ ਕਾਰਵਾਈ ਵੀ ਹੋਈ। ਕਾਰਵਾਈ ਇਹ ਵੀ ਹੋਵੇ ਕਿ ਮੋਟਾ ਜੁਰਮਾਨਾ ਵਸੂਲ ਕੇ ਪਰਿਵਾਰ ਦਾ ਖਾਤਾ ਧਾਰਕ ਮੀਟਰ ਲਗਾਉਣ ਤੋਂ ਸਦਾ ਲਈ ਅਯੋਗ ਹੋਵੇ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਦਿਖਾਵੇ ਦੀ ਜ਼ਿੰਦਗੀ, ਖੋਖਲੀ ਖ਼ੁਸ਼ੀ
ਅੱਜਕੱਲ੍ਹ ਦੀ ਜ਼ਿੰਦਗੀ ਵਿਚ ਦਿਖਾਵੇਬਾਜ਼ੀ ਦਾ ਬਹੁਤ ਜ਼ਿਆਦਾ ਰੁਝਾਨ ਹੈ। ਲੋਕ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਝੂਠੇ ਦਿਖਾਵੇ ਕਰਦੇ ਹਨ। ਸੋਸ਼ਲ ਮੀਡੀਆ 'ਤੇ ਆਪਣੀ ਜ਼ਿੰਦਗੀ ਨੂੰ ਵਧਾ- ਚੜ੍ਹਾ ਕੇ ਪੇਸ਼ ਕਰਦੇ ਹਨ। ਉਹ ਸੋਚਦੇ ਹਨ ਕਿ ਦੂਜਿਆਂ ਨੂੰ ਦਿਖਾ ਕੇ ਉਹ ਖ਼ੁਸ਼ ਅਤੇ ਸਫ਼ਲ ਦਿਖਾਈ ਦੇਣਗੇ। ਪਰ ਅਸਲੀਅਤ ਇਹ ਹੈ ਕਿ ਇਹ ਸਭ ਕੁਝ ਥੋੜ੍ਹੇ ਸਮੇਂ ਲਈ ਹੀ ਰਹਿੰਦਾ ਹੈ। ਪਰਮਾਤਮਾ ਨੇ ਸਾਨੂੰ ਅਸਲ ਜ਼ਿੰਦਗੀ ਜਿਊਣ ਲਈ ਭੇਜਿਆ ਹੈ, ਨਾ ਕਿ ਦਿਖਾਵੇ ਕਰਨ ਲਈ, ਉਹ ਸਾਡੇ ਦਿਲਾਂ ਨੂੰ ਜਾਣਦਾ ਹੈ, ਸਾਡੀ ਨੀਅਤ ਨੂੰ ਦੇਖਦਾ ਹੈ। ਸਾਡੇ ਵੱਟਸਐਪ ਸਟੇਟਸ ਜਾਂ ਸੋਸ਼ਲ ਮੀਡੀਆ ਪੋਸਟਾਂ ਉਸ ਲਈ ਕੋਈ ਮਾਇਨੇ ਨਹੀਂ ਰੱਖਦੀਆਂ। ਸਾਨੂੰ ਆਪਣੀ ਸੋਚ ਨੂੰ ਉੱਚਾ ਕਰਨਾ ਚਾਹੀਦਾ ਹੈ ਅਤੇ ਅਸਲ ਜ਼ਿੰਦਗੀ ਜਿਊਣੀ ਚਾਹੀਦੀ ਹੈ। ਸਾਨੂੰ ਦੂਜਿਆਂ ਨੂੰ ਦਿਖਾਉਣ ਦੀ ਬਜਾਏ ਆਪਣੇ ਆਪ ਨੂੰ ਬਿਹਤਰ ਬਣਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ। ਜਦੋਂ ਅਸੀਂ ਅਸਲ ਜ਼ਿੰਦਗੀ ਜਿਊਂਦੇ ਹਾਂ, ਤਾਂ ਸਾਨੂੰ ਅੰਦਰੂਨੀ ਸ਼ਾਂਤੀ ਅਤੇ ਖ਼ੁਸ਼ੀ ਮਿਲਦੀ ਹੈ।

-ਚਾਨਣਦੀਪ ਸਿੰਘ ਔਲਖ

ਲਾਡਲੀ ਧੀ ਚੌਕ ਬਠਿੰਡਾ ਦੀ ਸਾਰ ਲਵੇ ਸਰਕਾਰ
ਬਠਿੰਡਾ-ਬਾਦਲ ਸੜਕ ਉੱਪਰ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਤੋਂ ਕੁਝ ਹੀ ਦੂਰੀ 'ਤੇ ਕਈ ਵਰ੍ਹੇ ਪਹਿਲਾਂ ਬਹੁਤ ਮਨਮੋਹਕ ਤੇ ਦਿਲਕਸ਼ 'ਲਾਡਲੀ ਧੀ ਚੌਕ' ਬਣਾਇਆ ਗਿਆ ਸੀ। ਇਸ ਚੌਕ ਦਾ ਮਕਸਦ ਧੀਆਂ ਨੂੰ ਬਚਾਉਣਾ ਤੇ ਉਨ੍ਹਾਂ ਪ੍ਰਤੀ ਪਿਆਰ ਦਾ ਪ੍ਰਗਟਾਵਾ ਕਰਨਾ ਹੈ। ਪਰੰਤੂ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਚੌਕ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਾਲੀ ਸੜਕ ਵਿਚਕਾਰ ਬਣੇ ਇਸ ਲਾਡਲੀ ਧੀ ਚੌਕ ਦੀ ਸਰਕਾਰ ਨੂੰ ਬਿਨਾਂ ਕਿਸੇ ਹੋਰ ਦੇਰੀ ਕੀਤੇ ਸਾਰ ਲੈਣੀ ਚਾਹੀਦੀ ਹੈ। ਇਹ ਚੌਕ ਦੋ ਯੂਨੀਵਰਸਿਟੀਆਂ ਅਤੇ ਏਮਜ਼ ਵਰਗੇ ਅਨੇਕਾਂ ਹੋਰ ਵੱਡੀਆਂ ਸੰਸਥਾਵਾਂ ਦੇ ਰਸਤੇ ਵਿਚਕਾਰ ਪੈਂਦਾ ਹੈ, ਪੂਰੇ ਦੇਸ਼ ਤੋਂ ਇਲਾਵਾ ਵਿਦੇਸ਼ੀ ਲੋਕ ਵੀ ਇਸ ਖਸਤਾ ਹਾਲਤ ਚੌਕ ਕੋਲੋਂ ਹੀ ਲੰਘਦੇ ਹਨ ਅਤੇ ਸਰਕਾਰ ਦੀ ਇਸ ਲਾਡਲੀ ਧੀ ਚੌਕ ਪ੍ਰਤੀ ਅਣਦੇਖੀ ਨੂੰ ਵੇਖਦੇ ਹੋਣਗੇ। ਸਰਕਾਰ ਨੂੰ ਇਸ ਚੌਕ ਦੀ ਦਿੱਖ ਸੁਆਰ ਕੇ ਇੱਥੇ ਪੁਲਿਸ ਦੀ ਡਿਊਟੀ ਵੀ ਯਕੀਨੀ ਬਣਾਉਣੀ ਚਾਹੀਦੀ ਹੈ, ਕਿਉਂਕਿ ਇਸ ਚੌਕ ਕੋਲੋਂ ਅਕਸਰ ਹੀ ਜ਼ਿਆਦਾਤਰ ਲੋਕ ਗਲਤ ਪਾਸਿਓਂ ਆਪਣੇ ਵਹੀਕਲ ਲੰਘਾਉਂਦੇ ਰਹਿੰਦੇ ਹਨ।

-ਅੰਗਰੇਜ ਸਿੰਘ ਵਿੱਕੀ
ਪਿੰਡ-ਡਾਕ. ਕੋਟਗੁਰੂ (ਬਠਿੰਡਾ)