ਆਰ.ਸੀ.ਐਫ. ਦੇ ਜਨਰਲ ਮੈਨੇਜਰ ਐਸ.ਐਸ. ਮਿਸ਼ਰਾ ਨੇ ਕੀਤਾ ਰੇਲਵੇ ਹੈਰੀਟੇਜ ਪਾਰਕ ਦਾ ਦੌਰਾ

ਕਪੂਰਥਲਾ, 25 ਅਪ੍ਰੈਲ (ਅਮਰਜੀਤ ਕੋਮਲ)-ਵਿਸ਼ਵ ਵਿਰਾਸਤ ਦਿਵਸ 'ਤੇ ਆਰ.ਸੀ.ਐਫ. ਦੇ ਜਨਰਲ ਮੈਨੇਜਰ ਐਸ.ਐਸ. ਮਿਸ਼ਰਾ ਨੇ ਆਰ.ਸੀ.ਐਫ.ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਸਥਾਪਤ ਕੀਤੇ ਗਏ ਰੇਲਵੇ ਹੈਰੀਟੇਜ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਪਾਰਕ ਵਿਚ ਸਥਾਪਤ ਕੀਤੇ 100 ਸਾਲ ਤੋਂ ਵੱਧ ਪੁਰਾਣੇ ਵਿਸ਼ੇਸ਼ ਨੈਰੋਗੇਜ ਤੇ ਨੈਰੋਗੇਜ ਇੰਜਣ ਤੇ ਡੱਬਿਆਂ ਨੂੰ ਦੇਖਿਆ। ਉਨ੍ਹਾਂ ਇਸ ਪਾਰਕ ਵਿਚਲੇ ਡੱਬਿਆਂ ਨੂੰ ਹੋਰ ਸੁੰਦਰ ਤੇ ਆਕਰਸ਼ਕ ਬਣਾਉਣ ਦੀ ਹਦਾਇਤ ਕੀਤੀ। ਜਨਰਲ ਮੈਨੇਜਰ ਨੇ ਪਾਰਕ ਵਿਚ ਇਕ ਵਿਰਾਸਤੀ ਕੰਧ ਵੀ ਦੇਖੀ ਜੋ ਕਿ 1985 ਤੋਂ ਰੇਲ ਕੋਚ ਫ਼ੈਕਟਰੀ ਦੇ ਇਤਿਹਾਸ ਨੂੰ ਰੂਪਮਾਨ ਕਰਦੀ ਹੈ। ਇਥੇ ਵਰਨਣਯੋਗ ਹੈ ਕਿ ਇਸ ਕੰਧ 'ਤੇ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਇਤਿਹਾਸ ਨੂੰ ਤਸਵੀਰਾਂ ਰਾਹੀਂ ਦਿਖਾਇਆ ਗਿਆ ਹੈ। ਜਨਰਲ ਮੈਨੇਜਰ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਰੇਲਵੇ ਹੈਰੀਟੇਜ ਪਾਰਕ ਵਿਚ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਦੇ ਮਨੋਰਥ ਨਾਲ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ।