ਨਾਬਾਲਗ ਕੁੜੀਆਂ ਨੂੰ ਅਗਵਾ ਕਰਕੇ ਮਜ਼ਦੂਰੀ ਕਰਵਾਉਣ ਵਾਲਾ ਦੋਸ਼ੀ ਗਿ੍ਫ਼ਤਾਰ

ਜਲੰਧਰ, 22 ਅਪ੍ਰੈਲ- ਪੁਲਿਸ ਨੇ ਨਾਬਾਲਗ ਕੁੜੀਆਂ ਨੂੰ ਅਗਵਾ ਕਰਕੇ ਦੂਜੇ ਜ਼ਿਲ੍ਹੇ ਵਿਚ ਲਿਜਾ ਕੇ ਉਨ੍ਹਾਂ ਤੋਂ ਮਜ਼ਦੂਰੀ ਕਰਵਾਉਣ ਦੇ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਰਾਜੇਸ਼ ਪੰਡਿਤ ਵਜੋਂ ਹੋਈ ਹੈ, ਜਿਸ ਬਾਰੇ ਜਲੰਧਰ ਪੁਲਿਸ ਜਲਦੀ ਹੀ ਇਕ ਪ੍ਰੈਸ ਕਾਨਫਰੰਸ ਕਰੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮਾ ਮੰਡੀ ਅਤੇ ਥਾਣਾ 8 ਦੇ ਇਲਾਕੇ ਤੋਂ ਨਾਬਾਲਗ ਕੁੜੀਆਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ 13 ਸਾਲ ਦੀ ਕੁੜੀ ਨੇ ਬਹਾਦਰੀ ਦਿਖਾਈ ਅਤੇ ਘਰ ਵਿਚ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਮਦਦ ਨਾਲ ਦੋਸ਼ੀ ਨੂੰ ਕਾਬੂ ਕਰ ਲਿਆ। ਦਰਅਸਲ, ਦੋਸ਼ੀ ਦੋ ਕੁੜੀਆਂ ਨੂੰ ਅਗਵਾ ਕਰਕੇ ਕਪੂਰਥਲਾ ਲੈ ਗਿਆ ਅਤੇ ਉਨ੍ਹਾਂ ਤੋਂ ਮਜ਼ਦੂਰੀ ਕਰਵਾ ਰਿਹਾ ਸੀ। ਉਸ ਨੇ ਫਰਵਰੀ ਅਤੇ ਅਪ੍ਰੈਲ ਵਿਚ ਧੋਗੜੀ ਰੋਡ ਅਤੇ ਬਸ਼ੀਰਪੁਰਾ ਤੋਂ 7 ਅਤੇ 13 ਸਾਲ ਦੀਆਂ ਕੁੜੀਆਂ ਨੂੰ ਅਗਵਾ ਕੀਤਾ ਸੀ। ਕਪੂਰਥਲਾ ਵਿਚ, 13 ਸਾਲਾ ਪਾਇਲ ਨੇ ਕਿਸੇ ਦਾ ਫ਼ੋਨ ਉਧਾਰ ਲਿਆ ਅਤੇ ਆਪਣੀ ਮਾਂ ਨੂੰ ਫ਼ੋਨ ਕੀਤਾ। ਕੁੜੀਆਂ ਦੀ ਸੂਝ-ਬੂਝ ਕਾਰਨ ਕਪੂਰਥਲਾ ਵਿਚ ਮੌਜੂਦ ਲੋਕਾਂ ਨੇ ਪੁਲਿਸ ਨੂੰ ਬੁਲਾਇਆ ਅਤੇ ਫਿਰ ਜਲੰਧਰ ਪੁਲਿਸ ਨੇ ਉੱਥੇ ਜਾ ਕੇ ਕੁੜੀਆਂ ਨੂੰ ਬਰਾਮਦ ਕੀਤਾ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਦੇਰ ਰਾਤ ਘਰ ਵਾਪਸ ਆਉਣ ’ਤੇ ਪਾਇਲ ਨੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ।