ਪਰਿਵਾਰ ਸਮੇਤ ਜੈਪੁਰ ਪੁੱਜੇ ਅਮਰੀਕੀ ਉਪ-ਰਾਸ਼ਟਰਪਤੀ

ਜੈਪੁਰ, 22 ਅਪ੍ਰੈਲ- ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੇਂਸ ਆਪਣੇ ਪਰਿਵਾਰ ਸਮੇਤ ਜੈਪੁਰ ਦੇ ਆਮੇਰ ਕਿਲ੍ਹੇ ਦਾ ਦੌਰਾ ਕਰਨ ਪਹੁੰਚੇ ਹਨ। ਇੱਥੇ ਦੋ ਹਾਥੀਆਂ ਤੇ ਰਾਜਸਥਾਨੀ ਕਲਾਕਾਰਾਂ ਨੇ ਵਿਦੇਸ਼ੀ ਮਹਿਮਾਨ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਵੇਂਸ ਆਪਣੇ ਪਰਿਵਾਰ ਨਾਲ ਮਹਿਲ ਵਿਚ ਦਾਖਲ ਹੋਏ ਤੇ ਸ਼ੀਸ਼ ਮਹਿਲ ਪਹੁੰਚੇ। ਇਸ ਤੋਂ ਪਹਿਲਾਂ, ਉਨ੍ਹਾਂ ਨੂੰ ਆਮੇਰ ਦੇ ਹਾਥੀ ਸਟੈਂਡ ਤੋਂ ਇਕ ਖੁੱਲ੍ਹੀ ਜਿਪਸੀ ਵਿਚ ਮਹਿਲ ਲਿਜਾਇਆ ਗਿਆ। ਜਿਪਸੀ ਤੋਂ ਹੀ ਉਨ੍ਹਾਂ ਮਹਿਲ ਦੇ ਬਾਹਰੀ ਹਿੱਸਿਆਂ ਦੇ ਨਾਲ-ਨਾਲ ਮਾਵਥਾ ਸਰੋਵਰ (ਅਮੇਰ ਮਹਿਲ ਦੇ ਹੇਠਾਂ ਨਕਲੀ ਝੀਲ) ਅਤੇ ਕੇਸਰ ਕਿਆਰੀ ਬਾਗ਼ ਨੂੰ ਦੇਖਿਆ। ਇਸ ਤੋਂ ਬਾਅਦ ਵੇਂਸ ਜਿਪਸੀ ਤੋਂ ਹੀ ਜਲੇਬ ਚੌਕ ਗਏ ਤੇ ਇੱਥੇ ਦੋ ਹਾਥੀਆਂ ਪੁਸ਼ਪਾ ਅਤੇ ਚੰਦਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਆਮੇਰ ਪੈਲੇਸ ਵਿਖੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਵੇਂਸ ਦਾ ਰਸਮੀ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਪਤਨੀ ਊਸ਼ਾ ਵੈਂਸ ਦਾ ਸਵਾਗਤ ਉਪ ਮੁੱਖ ਮੰਤਰੀ ਦੀਆ ਕੁਮਾਰੀ ਨੇ ਕੀਤਾ।