ਪਿੰਡ ਨਥੇਹਾ ਵਿਚ ਕਣਕ ਨੂੰ ਲੱਗੀ ਅੱਗ

ਤਲਵੰਡੀ ਸਾਬੋ/ਸੀਂਗੋ ਮੰਡੀ (ਬਠਿੰਡਾ), 16 ਅਪ੍ਰੈਲ (ਲਕਵਿੰਦਰ ਸ਼ਰਮਾ)-ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਦੇ ਤਲਵੰਡੀ ਸਾਬੋ ਰੋਡ ਉਤੇ ਲੱਗੇ ਪੈਟਰੋਲ ਪੰਪ ਨੇੜੇ ਕਿਸਾਨ ਸੰਦੀਪ ਸਿੰਘ ਪੰਚ, ਮੁਖਿੰਦਰ ਸਿੰਘ ਰਿਟਾ. ਥਾਣੇਦਾਰ ਤੇ ਬਲਤੇਜ ਸਿੰਘ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਕਿਸਾਨਾਂ ਦੀ ਕਰੀਬ 5 ਏਕੜ ਖੜ੍ਹੀ ਕਣਕ ਨੂੰ ਅੱਗ ਲੱਗ ਗਈ ਜਦੋਂਕਿ ਇਕ ਏਕੜ ਕਣਕ ਦਾ ਨਾੜ ਮੱਚ ਗਿਆ। ਕਣਕ ਨੂੰ ਅੱਗ ਲੱਗਣ ਦਾ ਕਾਰਨ ਤੂੜੀ ਵਾਲੀ ਮਸ਼ੀਨ ਵਿਚੋਂ ਨਿਕਲਿਆ ਚੰਗਿਆੜਾ ਦੱਸਿਆ ਜਾ ਰਿਹਾ ਹੈ। ਮੌਕੇ ਉਤੇ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਨੂੰ ਜਿਵੇਂ ਹੀ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਹੀ ਪਿੰਡ ਨਥੇਹਾ ਵਿਚ ਸੋਸ਼ਲ ਮੀਡੀਆ ਤੇ ਗੁਰਦੁਆਰੇ ਰਾਹੀਂ ਸੂਚਨਾ ਦਿਵਾਉਣ ਦੇ ਨਾਲ ਤਲਵੰਡੀ ਸਾਬੋ ਫਾਇਰ ਬ੍ਰਿਗੇਡ ਅਤੇ ਸਰਦੂਲਗੜ੍ਹ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਪਹੁੰਚੀਆਂ ਤੇ ਅੱਗ ਉਤੇ ਕਾਬੂ ਬੜੀ ਮੁਸ਼ੱਕਤ ਨਾਲ ਪਾਇਆ। ਖਬਰ ਲਿਖੇ ਜਾਣ ਤੱਕ ਅੱਗ ਉਤੇ ਕਾਬੂ ਪਾਇਆ ਜਾ ਰਿਹਾ ਸੀ।