ਬੱਬੂ ਮਾਨ ਗਾਇਕ ਹੰਸ ਰਾਜ ਹੰਸ ਦੇ ਘਰ ਦੁੱਖ ਪ੍ਰਗਟ ਕਰਨ ਪਹੁੰਚੇ

ਜਲੰਧਰ, 16 ਅਪ੍ਰੈਲ-ਸੂਫ਼ੀ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ 2 ਅਪ੍ਰੈਲ ਨੂੰ ਟੈਗੋਰ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ। ਰੇਸ਼ਮ ਕੌਰ ਦਾ ਅੰਤਿਮ ਸੰਸਕਾਰ 3 ਅਪ੍ਰੈਲ ਨੂੰ ਉਨ੍ਹਾਂ ਦੇ ਜੱਦੀ ਪਿੰਡ ਸਫੀਪੁਰ ਵਿਚ ਕੀਤਾ ਗਿਆ ਸੀ। ਜਦੋਂਕਿ 11 ਅਪ੍ਰੈਲ ਨੂੰ ਇਸਨੂੰ ਮਾਡਲ ਟਾਊਨ ਗੁਰਦੁਆਰਾ ਸਾਹਿਬ ਵਿਚ ਰੱਖਿਆ ਗਿਆ ਸੀ। ਜਿਥੇ ਰੇਸ਼ਮ ਕੌਰ ਨੂੰ ਸ਼ਰਧਾਂਜਲੀ ਦੇਣ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬੀ ਕਲਾਕਾਰ ਬੀਨੂੰ ਢਿੱਲੋਂ, ਜੀ ਖਾਨ, ਕੇ.ਐਸ. ਮੱਖਣ, ਕੌਰ ਬੀ, ਸਤਿੰਦਰ ਸੱਤੀ, ਅਮਰ ਨੂਰੀ, ਹੈਪੀ ਸੰਘਾ, ਗੁਰਪ੍ਰੀਤ ਸਿੰਘ ਘੁੱਗੀ ਸਮੇਤ ਹੋਰ ਕਲਾਕਾਰ ਅਤੇ ਸਿਆਸੀ ਆਗੂ ਪਹੁੰਚੇ।
ਅੱਜ ਪੰਜਾਬੀ ਗਾਇਕ ਬੱਬੂ ਮਾਨ ਰੇਸ਼ਮ ਕੌਰ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਲਈ ਹੰਸ ਰਾਜ ਹੰਸ ਦੇ ਘਰ ਪਹੁੰਚੇ। ਇਸ ਦੁੱਖ ਦੀ ਘੜੀ ਵਿਚ, ਬੱਬੂ ਮਾਨ ਨੇ ਕੈਮਰੇ ਦੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ। ਗਾਇਕ ਨੇ ਕਿਹਾ ਕਿ ਉਹ ਅੱਜ ਹੰਸ ਰਾਜ ਹੰਸ ਦੇ ਘਰ ਸੰਵੇਦਨਾ ਪ੍ਰਗਟ ਕਰਨ ਲਈ ਆਏ ਹਨ। ਕੈਮਰੇ ਤੋਂ ਬਾਹਰ, ਬੱਬੂ ਮਾਨ ਨੇ ਰੇਸ਼ਮ ਕੌਰ ਦੇ ਦਿਹਾਂਤ 'ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਰੇਸ਼ਮ ਕੌਰ ਦੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਣ। ਉਨ੍ਹਾਂ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਦੇਣ ਦੀ ਅਪੀਲ ਵੀ ਕੀਤੀ।