ਪੱਟੀ ਦੇ ਪਿੰਡ ਸਰਾਲੀ ਮੰਡ ਨਜ਼ਦੀਕ ਐਨਕਾਊਂਟਰ 'ਚ 1 ਕਾਬੂ

ਪੱਟੀ, 11 ਅਪ੍ਰੈਲ (ਕੁਲਵਿੰਦਰਪਾਲ ਸਿੰਘ ਕਾਲੇਕੇ)-ਜ਼ਿਲ੍ਹਾ ਪੁਲਿਸ ਮੁਖੀ ਅਭਮਿੰਨਿਊ ਰਾਣਾ ਦੀਆਂ ਹਦਾਇਤਾਂ 'ਤੇ ਪੁਲਿਸ ਥਾਣਾ ਸਿਟੀ ਪੱਟੀ ਵਲੋਂ ਗਲਤ ਅਨਸਰਾਂ ਨੂੰ ਨੱਥ ਪਾਉਣ ਲਈ ਲਵਕੇਸ਼ ਸੈਣੀ ਡੀ. ਐਸ. ਪੀ. ਸਬ ਡਵੀਜ਼ਨ ਪੱਟੀ ਦੀ ਅਗਵਾਈ ਹੇਠ ਚਲਾਈ ਮੁਹਿੰਮ ਤਹਿਤ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਜਦੋਂ ਪੁਲਿਸ ਪਾਰਟੀ ਐਸ. ਐਚ. ਓ. ਥਾਣਾ ਸਿਟੀ ਪੱਟੀ ਦੇ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੱਟੀ ਤਰਨਤਾਰਨ ਰੋਡ ਉਪਰ ਸਰਾਲੀ ਮੰਡਾ ਮੋੜ ਨੇੜੇ ਮਾਹੀ ਪੈਲੇਸ ਵਿਖੇ ਨਾਕਾਬੰਦੀ ਕਰਕੇ ਜਾਂਚ ਕਰ ਰਹੀ ਸੀ ਤਾਂ ਇਕ ਨੌਜਵਾਨ ਮੋਟਰਸਾਈਕਲ 'ਤੇ ਸਰਾਲੀ ਮੰਡਾ ਤੋਂ ਪੱਟੀ ਨੂੰ ਆ ਰਿਹਾ ਸੀ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਪਿੱਛੇ ਵੱਲ ਭੱਜਣ ਲੱਗਾ, ਜਿਸ 'ਤੇ ਪੁਲਿਸ ਵਲੋਂ ਪਿੱਛਾ ਕਰਨ 'ਤੇ ਉਸ ਵਲੋਂ ਪੁਲਿਸ ਪਾਰਟੀ ਉੱਪਰ ਫਾਇਰ ਕੀਤੇ ਗਏ, ਜਿਸ 'ਤੇ ਪੁਲਿਸ ਵਲੋਂ ਵੀ ਜਵਾਬੀ ਫਾਇਰ ਕੀਤਾ ਜੋ ਉਕਤ ਨੌਜਵਾਨ ਦੀ ਲੱਤ ਵਿਚ ਲੱਗਾ, ਜਿਸ ਨੂੰ ਪੁਲਿਸ ਨੇ ਮੌਕੇ ਉਪਰ ਹੀ ਕਾਬੂ ਕਰ ਲਿਆ। ਉਸ ਦੀ ਸ਼ਨਾਖਤ ਹਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਠੱਕਰਪੁਰਾ ਪੁਲਿਸ ਥਾਣਾ ਸਦਰ ਪੱਟੀ ਵਜੋਂ ਹੋਈ ਹੈ। ਉਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 30 ਬੋਰ ਪਿਸਟਲ ਬਰਾਮਦ ਹੋਇਆ ਹੈ। ਇਸ ਮੌਕੇ ਐਸ. ਐਚ. ਓ. ਇੰਸ. ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਜ਼ਖਮੀ ਹਾਲਤ ਵਿਚ ਕਾਬੂ ਨੌਜਵਾਨ ਨੂੰ ਇਲਾਜ ਲਈ ਭਰਤੀ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਲਵਕੇਸ਼ ਕੁਮਾਰ ਸੈਣੀ ਡੀ.ਐਸ.ਪੀ. ਸਬ ਡਵੀਜ਼ਨ ਪੱਟੀ ਨੇ ਦੱਸਿਆ ਕਿ ਉਕਤ ਗੈਂਗਸਟਰ ਪ੍ਰਭ ਦਾਸੂਵਾਲ ਦਾ ਗੁਰਗਾ ਸੀ, ਜਿਸ ਨੂੰ ਜ਼ਖਮੀ ਹਾਲਤ ਵਿਚ ਕਾਬੂ ਕਰ ਲਿਆ ਗਿਆ ਅਤੇ ਇਸ ਵਲੋਂ ਕੀਤੀਆਂ ਗਈਆਂ ਤਿੰਨ ਵਾਰਦਾਤਾਂ ਨੂੰ ਹੱਲ ਕੀਤਾ ਗਿਆ ਹੈ।