ਕਾਂਗਰਸ ਦਾ ਮਹਾਂਕੁੰਭ ਨਵੀਂ ਊਰਜਾ ਲੈ ਕੇ ਆਇਆ, ਹਰ ਕਾਂਗਰਸੀ ਸੰਵਿਧਾਨ ਦੀ ਰੱਖਿਆ ਲਈ ਵਚਨਬੱਧ- ਵਿਜੇਇੰਦਰ ਸਿੰਗਲਾ

ਤਪਾ ਮੰਡੀ, 10 ਅਪ੍ਰੈਲ (ਮੋਹਿਤ ਸਿੰਗਲਾ)- ਆਲ ਇੰਡੀਆ ਕਾਂਗਰਸ ਕਮੇਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਸੰਯੁਕਤ ਖਜ਼ਾਨਚੀ ਅਤੇ ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ ਨੇ ਗੁਜਰਾਤ ਵਿਚ ਹੋਏ ਦੋ ਦਿਨਾਂ ਰਾਸ਼ਟਰੀ ਸੰਮੇਲਨ ਨੂੰ ਕਾਂਗਰਸ ਦਾ ਮਹਾਂਕੁੰਭ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਇਤਿਹਾਸਕ ਸੈਸ਼ਨ ਨੇ ਨਵੀਂ ਪ੍ਰੇਰਨਾ ਅਤੇ ਊਰਜਾ ਦਿੱਤੀ ਹੈ। ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਸਿੰਗਲਾ ਨੇ ਦੱਸਿਆ ਕਿ ਨਿਆਏ ਪਥ ਦੇ ਬੈਨਰ ਹੇਠ ਆਯੋਜਿਤ ਇਸ ਵਿਸ਼ਾਲ ਕਾਨਫ਼ਰੰਸ ਵਿਚ ਨੌਜਵਾਨਾਂ, ਔਰਤਾਂ, ਕਿਸਾਨਾਂ ਅਤੇ ਆਮ ਲੋਕਾਂ ਸਮੇਤ ਸਮਾਜ ਦੇ ਹਰ ਵਰਗ ਦੀਆਂ ਚਿੰਤਾਵਾਂ ਅਤੇ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ। ਕਾਂਗਰਸ ਦੀ ਜਾਇਦਾਦ ਦੇ ਇੰਚਾਰਜ ਅਤੇ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਰਹਿ ਚੁੱਕੇ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਹਰ ਕਾਂਗਰਸੀ ਵਰਕਰ ਭਾਰਤੀ ਸੰਵਿਧਾਨ ਦੀ ਰੱਖਿਆ ਲਈ ਪੂਰੀ ਤਰ੍ਹਾਂ ਸਮਰਪਿਤ ਅਤੇ ਵਚਨਬੱਧ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਦੇਸ਼ ਦੇ ਲੋਕਤੰਤਰੀ ਸੰਸਥਾਨਾਂ, ਅਧਿਕਾਰਾਂ ਅਤੇ ਕਦਰਾਂ-ਕੀਮਤਾਂ ਦੀ ਰੱਖਿਆ ਅੱਜ ਸਭ ਤੋਂ ਵੱਡਾ ਰਾਜਨੀਤਿਕ ਸੰਘਰਸ਼ ਹੈ। ਸਿੰਗਲਾ ਨੇ ਇਹ ਵੀ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਸੀਨੀਅਰ ਨੇਤਾ ਅਤੇ ਲੋਕਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਪਾਰਟੀ ਦ੍ਰਿੜਤਾ, ਸਮਰਪਣ ਅਤੇ ਸੰਘਰਸ਼ ਦੀ ਭਾਵਨਾ ਨਾਲ ਇੱਕਜੁੱਟ ਹੋ ਕੇ ਅੱਗੇ ਵਧ ਰਹੀ ਹੈ।