ਸੜਕ ਹਾਦਸੇ 'ਚ ਇਕ ਵਿਅਕਤੀ, ਉਸ ਦੇ 2 ਪੁੱਤਰਾਂ ਦੀ ਮੌਤ

ਰਾਮਾਂ ਮੰਡੀ, 8 ਅਪ੍ਰੈਲ (ਤਰਸੇਮ ਸਿੰਗਲਾ)-ਅੱਜ ਤੜਕਸਾਰ ਬਠਿੰਡਾ-ਜ਼ੀਰਕਪੁਰ ਹਾਈਵੇ ਰੋਡ 'ਤੇ ਸੰਗਰੂਰ ਸ਼ਹਿਰ ਨਜ਼ਦੀਕ ਹੋਏ ਇਕ ਸੜਕ ਹਾਦਸੇ ਵਿਚ ਰਾਮਾਂ ਮੰਡੀ ਨਿਵਾਸੀ ਕ੍ਰਿਸ਼ਨ ਬਾਂਸਲ ਅਤੇ ਉਨ੍ਹਾਂ ਦੇ ਦੋ ਪੁੱਤਰ ਜਤਿੰਦਰ ਬਾਂਸਲ ਅਤੇ ਰਵੀ ਬਾਂਸਲ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਉਸਦਾ ਪੋਤਾ ਕਰਨ ਬਾਂਸਲ ਪੁੱਤਰ ਜਤਿੰਦਰ ਬਾਂਸਲ ਗੰਭੀਰ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ। ਰਾਮਾਂ ਮੰਡੀ ਵਿਚ ਹਾਦਸੇ ਦਾ ਪਤਾ ਲੱਗਦੇ ਹੀ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਕ੍ਰਿਸ਼ਨ ਬਾਂਸਲ ਦਾ ਏਮਜ਼ ਹਸਪਤਾਲ ਬਠਿੰਡਾ ਵਿਚ ਇਲਾਜ ਚੱਲ ਰਿਹਾ ਸੀ, ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਕਰਵਾਉਣ ਲਈ ਉਸਦੇ ਉਕਤ ਦੋਵੇਂ ਪੁੱਤਰਾਂ ਅਤੇ ਪੋਤਾ ਅਪਣੀ ਕਾਰ ਉਤੇ ਚੰਡੀਗੜ੍ਹ ਲੈ ਕੇ ਜਾ ਰਹੇ ਸਨ। ਕਾਰ ਕਰਨ ਬਾਂਸਲ ਚਲਾ ਰਿਹਾ ਸੀ, ਰਾਹ ਵਿਚ ਅਚਾਨਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਖੰਬੇ ਨਾਲ ਟਕਰਾਅ ਗਈ। ਲੋਕਾਂ ਨੇ ਕਾਰ ਵਿਚ ਫਸੇ ਉਕਤ ਲੋਕਾਂ ਨੂੰ ਬਾਹਰ ਕੱਢਿਆ ਤਾਂ ਕ੍ਰਿਸ਼ਨ ਬਾਂਸਲ ਅਤੇ ਉਸਦੇ ਦੋਵੇਂ ਪੁੱਤਰਾਂ ਦੀ ਮੌਤ ਹੋ ਚੁੱਕੀ ਸੀ।