ਸੂਬੇ ਅੰਦਰ ਅਮਨ-ਕਾਨੂੰਨ ਦੀ ਵਿਵਸਥਾ ਹੋ ਰਹੀ ਖਰਾਬ - ਦਾਮਨ ਥਿੰਦ ਬਾਜਵਾ

ਸੁਨਾਮ ਊਧਮ ਸਿੰਘ ਵਾਲਾ, 8 ਅਪ੍ਰੈਲ (ਰੁਪਿੰਦਰ ਸਿੰਘ ਸੱਗੂ, ਹਰੀਸ਼ ਗੱਖੜ)-ਜਲੰਧਰ ਅੰਦਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਹੋਏ ਗ੍ਰਨੇਡ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਭਾਜਪਾ ਦੇ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਹੁਣ ਪੰਜਾਬ ਦਾ ਰੱਬ ਹੀ ਰਾਖਾ ਹੈ ਅਤੇ ਸੂਬੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਦਾਮਨ ਬਾਜਵਾ ਨੇ ਕਿਹਾ ਕਿ ਸਾਬਕਾ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਦੇ ਘਰ ਉਪਰ ਹੋਏ ਗ੍ਰਨੇਡ ਹਮਲੇ ਨੇ ਪੰਜਾਬ ਦੀ ਅਮਨ ਤੇ ਕਾਨੂੰਨ ਵਿਵਸਥਾ ’ਤੇ ਫਿਰ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪਿਛਲੇ ਸਮੇਂ ਦੌਰਾਨ ਗ੍ਰਨੇਡ ਹਮਲੇ ਦੀ ਇਹ 15ਵੀਂ ਘਟਨਾ ਹੈ। ਇਸ ਮੌਕੇ ਹਰਮਨ ਦੇਵ ਸਿੰਘ ਬਾਜਵਾ, ਪ੍ਰੇਮ ਗੁਗਨਾਨੀ, ਰਾਜੀਬ ਮੱਖਣ, ਸ਼ੰਕਰ ਬਾਸਲ, ਰਾਜਿੰਦਰ ਬਿੱਟੂ ਅਤੇ ਮਾਲਵਿੰਦਰ ਗੋਲਡੀ ਆਦਿ ਵੀ ਭਾਜਪਾ ਵਰਕਰ ਹਾਜ਼ਰ ਸਨ।