ਯੂ.ਪੀ. : ਨਿਊ ਬੋਰਨ ਕੇਅਰ ਯੂਨਿਟ ਵਿਚ ਅੱਗ ਲੱਗਣ ਕਾਰਨ 10 ਨਵਜਾਤ ਬੱਚਿਆਂ ਦੀ ਮੌਤ
ਲਖਨਊ, 16 ਨਵੰਬਰ- ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ, ਝਾਂਸੀ ਦੇ ਸਪੈਸ਼ਲ ਨਿਊ ਬੋਰਨ ਕੇਅਰ ਯੂਨਿਟ ਵਿਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ’ਚ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਵਾਰਡ ਦੀ ਖਿੜਕੀ ਤੋੜ ਕੇ 39 ਬੱਚਿਆਂ ਨੂੰ ਸੁਰੱਖਿਅਤ ਬਚਾਇਆ ਗਿਆ। ਘਟਨਾ ਰਾਤ ਕਰੀਬ 10:30 ਵਜੇ ਦੀ ਹੈ। ਆਕਸੀਜਨ ਕੰਸੈਂਟਰੇਟਰ ’ਚ ਸਪਾਰਕਿੰਗ ਕਾਰਨ ਅੱਗ ਲੱਗ ਗਈ ਤੇ ਫਿਰ ਧਮਾਕਾ ਹੋਇਆ। ਇਸ ਤੋਂ ਬਾਅਦ ਅੱਗ ਪੂਰੇ ਵਾਰਡ ਵਿਚ ਫੈਲ ਗਈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਪਹੁੰਚੀਆਂ ਅਤੇ 2 ਘੰਟਿਆਂ ’ਚ ਅੱਗ ’ਤੇ ਕਾਬੂ ਪਾਇਆ ਗਿਆ। ਇੱਥੇ ਹਾਦਸੇ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਯੋਗੀ ਨੇ ਉੱਚ ਪੱਧਰੀ ਮੀਟਿੰਗ ਕੀਤੀ। ਉਨ੍ਹਾਂ ਕਮਿਸ਼ਨਰ ਅਤੇ ਡੀ.ਆਈ.ਜੀ. ਨੂੰ 12 ਘੰਟਿਆਂ ਵਿਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਝਾਂਸੀ ਪਹੁੰਚੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਬ੍ਰਜੇਸ਼ ਪਾਠਕ ਨੇ ਕਿਹਾ ਕਿ ਹਾਦਸੇ ਦੀ ਤਿੰਨ ਪੱਧਰਾਂ ’ਤੇ ਜਾਂਚ ਕੀਤੀ ਜਾਵੇਗੀ। ਪਹਿਲਾ- ਸਿਹਤ ਵਿਭਾਗ ਕਰੇਗਾ। ਦੂਜਾ- ਪੁਲਿਸ ਕਰੇਗੀ ਤੇ ਤੀਜਾ- ਮੈਜਿਸਟ੍ਰੇਟ ਪੱਧਰ ’ਤੇ ਜਾਂਚ ਹੋਵੇਗੀ। ਜੇਕਰ ਕੋਈ ਕੁਤਾਹੀ ਪਾਈ ਗਈ ਤਾਂ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।