16-11-2024
ਅੰਮ੍ਰਿਤਾ ਪ੍ਰੀਤਮ ਰਚਿਤ ਨਾਵਲਾਂ ਦੇ ਨਾਰੀ ਪਾਤਰ
ਲੇਖਿਕਾ : ਡਾ. ਗੁਰਪ੍ਰੀਤ ਕੌਰ ਬਰਾੜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ: 240 ਰੁਪਏ, ਸਫ਼ੇ: 152
ਸੰਪਰਕ: 94638-36591
'ਅੰਮ੍ਰਿਤਾ ਪ੍ਰੀਤਮ ਰਚਿਤ ਨਾਵਲਾਂ ਦੇ ਨਾਰੀ ਪਾਤਰ' ਡਾ. ਗੁਰਪ੍ਰੀਤ ਕੌਰ ਬਰਾੜ ਦੀ ਖੋਜ ਭਰਪੂਰ ਪੁਸਤਕ ਹੈ। ਜਿਸ ਵਿਚ ਲੇਖਿਕਾ ਨੇ ਨਾਰੀ ਨਾਲ ਸੰਬੰਧਿਤ ਹਰੇਕ ਮਸਲੇ ਨੂੰ ਸਮਝਣ ਦਾ ਉਪਰਾਲਾ ਕੀਤਾ ਹੈ। ਲੇਖਿਕਾ ਨੇ ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਵਿਚ ਨਾਰੀ ਦੀ ਸਮਾਜਿਕ, ਆਰਥਿਕ, ਮਾਨਸਿਕ, ਭਾਵਨਾਤਮਿਕ ਅਤੇ ਸੱਭਿਆਚਾਰਕ ਸਥਿਤੀ ਨੂੰ ਜਾਣਨ ਲਈ ਇਸ ਪੁਸਤਕ ਦੀ ਚਾਰ ਅਧਿਆਇਆਂ ਵਿਚ ਵੰਡ ਕੀਤੀ ਹੈ। ਪਹਿਲੇ ਅਧਿਆਇ 'ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਵਿਚ ਨਾਰੀ ਪਾਤਰ: ਸਮਾਜਿਕ ਸੰਦਰਭ' ਵਿਚ ਨਾਰੀ ਦੀ ਸਮਾਜ ਵਿਚ ਸਥਿਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅੰਮ੍ਰਿਤਾ ਪ੍ਰੀਤਮ ਦੇ ਨਾਵਲੀ ਬਿਰਤਾਂਤ ਵਿਚ ਪੇਸ਼ ਨਾਰੀ ਦੀ ਸਮਾਜਿਕ, ਆਰਥਿਕ, ਭਾਵਨਾਤਮਿਕ ਅਤੇ ਸੱਭਿਆਚਾਰਕ ਸਥਿਤੀ ਦਾ ਵਰਣਨ ਕਰਦਿਆਂ ਉਸ ਦੀ ਅਧੀਨਗੀ ਵਾਲੀ ਅਵੱਸਥਾ ਦੇ ਹਵਾਲਿਆਂ ਦਾ ਵਰਣਨ ਕੀਤਾ ਗਿਆ ਹੈ। ਦੂਜੇ ਅਧਿਆਇ ਵਿਚ 'ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਵਿਚ ਨਾਰੀ ਪਾਤਰ: ਪਰਿਵਾਰਕ ਅਤੇ ਸਵੈ-ਚੋਣ ਦੇ ਰਿਸ਼ਤਿਆਂ ਦਾ ਸੰਦਰਭ' ਨੂੰ ਚਿੱਤਰਿਆ ਗਿਆ ਹੈ। ਇਸ ਵਿਚ ਨਾਰੀ ਨੂੰ ਪਰਿਵਾਰਿਕ ਰਿਸ਼ਤਿਆਂ ਦੇ ਸੰਦਰਭ ਵਿਚ ਬੇਟੀ, ਭੈਣ, ਮਾਂ, ਪ੍ਰੇਮਿਕਾ ਅਤੇ ਨਾਰ ਦੇ ਰੂਪ ਵਿਚ ਵਿਚਾਰਿਆ ਗਿਆ ਹੈ। ਤੀਜੇ ਅਧਿਆਇ ਵਿਚ 'ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਦੀਆਂ ਨਾਇਕਾਵਾਂ' ਦੇ ਅੰਤਰਗਤ ਉਸ ਦੀ ਨਾਇਕਾ ਸਿਰਜਣ ਦੀ ਦ੍ਰਿਸ਼ਟੀ ਨੂੰ ਉਲੀਕਿਆ ਗਿਆ ਹੈ। ਜਿਸ ਵਿਚ ਆਦਰਸ਼ ਪ੍ਰੇਮਿਕਾਵਾਂ ਦੀ ਪਿਆਰ ਪ੍ਰਤੀ ਪ੍ਰਤੀਬੱਧਤਾ ਨੂੰ ਪ੍ਰਗਟਾਉਣ ਦੇ ਨਾਲ-ਨਾਲ ਆਦਰਸ਼ ਪ੍ਰੇਮੀ ਦੇ ਕਿਰਦਾਰ ਨੂੰ ਵੀ ਰੂਪਮਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਾਇਕਾਵਾਂ ਦੀ ਸਵੈ-ਪਛਾਣ, ਸਵੈ-ਚੋਣ ਅਤੇ ਹੋਣੀ ਨੂੰ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ। ਚੌਥੇ ਅਧਿਆਇ ਵਿਚ 'ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਵਿਚ ਪੇਸ਼ ਨਾਰੀ ਸੰਵੇਦਨਾ ਦੀ ਵੱਖਰਤਾ' ਵਿਚ ਅੰਮ੍ਰਿਤਾ ਪ੍ਰੀਤਮ ਦੀ ਨਾਰੀ ਸੰਵੇਦਨਾ ਦੇ ਸਰੋਕਾਰਾਂ ਅਤੇ ਪੇਸ਼ਕਾਰੀ ਦੀ ਮੌਲਿਕਤਾ ਤੇ ਵੱਖਰਤਾ ਨੂੰ ਪਛਾਣਨ ਦਾ ਯਤਨ ਕੀਤਾ ਗਿਆ ਹੈ। ਉਸ ਦੀ ਪ੍ਰੇਮਿਕਾ ਦੁਆਰਾ ਪ੍ਰੇਮੀ ਚੁਣਨ ਦੀ ਲੋੜ, ਚਾਹਤ ਅਤੇ ਨਾਰੀ ਦੀ ਸੁਖਾਵੀਂ ਸਥਿਤੀ ਲਈ ਲੋੜੀਂਦੀਆਂ ਮਰਦ ਮਨੋ ਬਣਤਰਾਂ ਦੀ ਅੰਮ੍ਰਿਤਾ ਪ੍ਰੀਤਮ ਵਲੋਂ ਕੀਤੀ ਸ਼ਨਾਖ਼ਤ ਦਾ ਵੀ ਵਰਣਨ ਕੀਤਾ ਗਿਆ ਹੈ।
ਡਾ. ਗੁਰਪ੍ਰੀਤ ਕੌਰ ਬਰਾੜ ਨੇ ਸਿੱਧ ਕੀਤਾ ਹੈ ਕਿ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਨਾਵਲਾਂ ਵਿਚ ਨਾਰੀ ਨੂੰ ਕੇਂਦਰ ਵਿਚ ਰੱਖ ਕੇ ਸਮਾਜ ਵਿਚ ਨਾਰੀ ਦੀ ਸਥਿਤੀ ਨੂੰ ਪੇਸ਼ ਕੀਤਾ ਹੈ। ਨਾਰੀ ਮਨ ਦੀ ਪੇਸ਼ਕਾਰੀ ਕਰਦਿਆਂ ਉਸ ਦੀਆਂ ਕੋਮਲ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਉਪਰਾਲਾ ਕੀਤਾ ਹੈ। ਅੰਮ੍ਰਿਤਾ ਪ੍ਰੀਤਮ ਨਾਰੀ ਪੱਖੀ ਸਮਾਜ ਸਿਰਜਣਾ ਲਈ ਮਰਦ ਪ੍ਰਭੂਸੱਤਾ, ਨਾਰੀ ਦੀ ਅਧੀਨਗੀ, ਉਸ ਦੀ ਬੰਧਨ ਯੁਕਤ ਹੋਂਦ ਦੇ ਵੱਖ-ਵੱਖ ਪਸਾਰਾਂ ਨੂੰ ਰੂਪਮਾਨ ਕਰਦੀ ਹੋਈ ਨਾਰੀ ਦੀ ਤ੍ਰਾਸਦਿਕ ਸਥਿਤੀ ਨੂੰ ਉਭਾਰਦੀ ਹੈ। ਨਾਰੀ ਦੀ ਤ੍ਰਾਸਦਿਕ ਸਥਿਤੀ ਸੁਧਾਰਨ ਲਈ ਜਦੋਂ ਉਹ ਪ੍ਰੇਮਿਕਾ ਦਾ ਰਿਸ਼ਤਾ ਸਿਰਜਦੀ ਹੈ ਤਾਂ ਉਸ ਦੀ ਨਾਇਕਾ ਪਿਆਰ ਦੇ ਸੰਬੰਧ ਵਿਚ ਪੁਰਸ਼ ਦੇ ਨੇੜੇ ਹੋ ਕੇ ਜਿਸਮ ਦੀ ਪੱਧਰ 'ਤੇ ਸੰਪੂਰਨਤਾ ਨਾਲ ਜਿਊਣ ਦੇ ਨਾਲ-ਨਾਲ ਮਨ ਦੀਆਂ ਡੂੰਘੀਆਂ ਤਹਿਆਂ ਤੱਕ ਪਿਆਰ ਵੀ ਲੱਭਦੀ ਹੈ। ਇਸ ਪ੍ਰਕਾਰ ਡਾ. ਗੁਰਪ੍ਰੀਤ ਕੌਰ ਬਰਾੜ ਦੀ ਇਹ ਖੋਜ ਭਰਪੂਰ ਪੁਸਤਕ ਆਉਣ ਵਾਲੇ ਖੋਜਾਰਥੀਆਂ ਲਈ ਬੜੀ ਅਹਿਮ ਅਤੇ ਮੁੱਲਵਾਨ ਸਿੱਧ ਹੋਵੇਗੀ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਜੀਵਨ ਦੀ ਫੁਲਕਾਰੀ
ਸ਼ਾਇਰ : ਉਜਾਗਰ ਸਿੰਘ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 98726-37177
ਉਜਾਗਰ ਸਿੰਘ ਭੰਡਾਲ ਪ੍ਰਵਾਸੀ ਸ਼ਾਇਰ ਹੈ। 'ਜੀਵਨ ਦੀ ਫੁਲਕਾਰੀ' ਤੋਂ ਪਹਿਲਾਂ ਉਸ ਦਾ ਇਕ ਹੋਰ ਕਾਵਿ ਸੰਗ੍ਰਹਿ ਵੀ ਛਪ ਚੁੱਕਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਭੰਡਾਲ ਦੀਆਂ ਸੱਠ ਕਾਵਿ-ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ 'ਚੋਂ ਕੁਝ ਇਕ ਗ਼ਜ਼ਲਨਾਮਾ ਤੇ ਬਹੁਤੀਆਂ ਗੀਤ ਵਿਧਾ ਦੇ ਤੌਰ 'ਤੇ ਪਹਿਚਾਣ ਬਣਾਉਂਦੀਆਂ ਹਨ। ਭੰਡਾਲ ਛੇ ਦਹਾਕਿਆਂ ਤੋਂ ਇੰਗਲੈਂਡ ਰਹਿ ਰਿਹਾ ਹੈ, ਉਸ ਦਾ ਪੰਜਾਬ ਦੀ ਮਿੱਟੀ ਨੂੰ ਯਾਦ ਰੱਖਣਾ ਸੁਭਾਵਿਕ ਹੈ। ਪੰਜਾਬ ਦਾ ਬਹੁਤ ਕੁਝ ਉਸ ਦੇ ਅੰਦਰ ਜਜ਼ਬ ਹੈ, ਜੋ ਰਚਨਾਵਾਂ ਰਾਹੀਂ ਵਹਿ ਤੁਰਿਆ ਮਹਿਸੂਸ ਹੁੰਦਾ ਹੈ। ਭੰਡਾਲ ਖੁਦ ਨੂੰ ਪਾਣੀ ਦੀ ਬੂੰਦ ਸਮਝਦਾ ਹੈ ਜਿਸ ਨੂੰ ਹਵਾ ਆਪਣੀ ਮਰਜ਼ੀ ਨਾਲ ਏਧਰ-ਉਧਰ ਉਡਾਈ ਜਾ ਰਹੀ ਹੈ। ਆਪਣੀਆਂ ਰਚਨਾਵਾਂ ਵਿਚ ਉਹ ਆਪਣੀ ਮਾਂ ਦੇ ਨਾਲ-ਨਾਲ ਮਾਂ-ਬੋਲੀ ਦੇ ਵੀ ਗੁਣ ਗਾਉਂਦਾ ਹੈ। ਉਸ ਮੁਤਾਬਿਕ ਜੋ ਮਾਂ ਜਾਂ ਮਾਂ-ਬੋਲੀ ਦਾ ਸਕਾ ਨਹੀਂ ਬਣ ਸਕਿਆ, ਉਹ ਕਿਸੇ ਦਾ ਨਹੀਂ ਹੋ ਸਕਦਾ। ਆਪਣੇ ਆਲੇ-ਦੁਆਲੇ ਤੋਂ ਉਕਤਾਇਆ ਸ਼ਾਇਰ ਉਥੇ ਨਿਵਾਸ ਕਰਨਾ ਚਾਹੁੰਦਾ ਹੈ, ਜਿਥੇ ਮਿਹਰਾਂ ਦੀ ਬਾਰਿਸ਼ ਹੋਵੇ। ਉਹ ਮਨੁੱਖ ਨੂੰ ਮੁਖਾਤਿਬ ਹੋਇਆ ਜ਼ਿੰਦਗੀ ਦੀ ਫੁਲਕਾਰੀ ਨੂੰ ਸਜਾਉਣ ਦੀ ਨਸੀਹਤ ਦਿੰਦਾ ਹੈ ਤੇ ਉਹ ਰੋਣ ਦੀ ਜਗ੍ਹਾ ਹੱਸ ਕੇ ਜ਼ਿੰਦਗੀ ਬਿਤਾਉਣ ਦਾ ਹਾਮੀ ਹੈ। ਉਜਾਗਰ ਸਿੰਘ ਭੰਡਾਲ ਨੇ ਵਸੀਹ ਵਿਸ਼ੇ ਲਏ ਹਨ, ਇਨ੍ਹਾਂ ਵਿਚ ਸਮਾਜਿਕ ਵੀ ਹਨ ਤੇ ਧਾਰਮਿਕ ਵੀ। ਉਸ ਅਨੁਸਾਰ ਅਸੀਂ ਆਪਣੇ ਪੁਰਾਣੇ ਰਿਵਾਜ ਨਹੀਂ ਬਦਲੇ ਸਮੇਂ ਨਾਲ ਜਿਨ੍ਹਾਂ ਵਿਚ ਪਰਿਵਰਤਨ ਆਉਣਾ ਚਾਹੀਦਾ ਸੀ। ਉਹ ਕਹਿੰਦਾ ਹੈ ਮਾੜੇ ਆਗੂ ਕਿਸੇ ਵੀ ਸਮੂਹ ਦਾ ਕੁਝ ਨਹੀਂ ਸੰਵਾਰ ਸਕਦੇ ਤੇ ਬੇਇਨਸਾਫ਼ੀ ਦਾ ਦੌਰ ਖਤਮ ਹੋਣਾ ਚਾਹੀਦਾ ਹੈ। ਇੰਜ ਉਜਾਗਰ ਸਿੰਘ ਭੰਡਾਲ ਬਿਹਤਰ ਤੇ ਖੂਬਸੂਰਤ ਜ਼ਿੰਦਗੀ ਦੀ ਕਲਮ ਨੂੰ ਆਪਣਾ ਹਥਿਆਰ ਬਣਾਉਂਦਾ ਹੈ, ਜੋ ਉਸ ਦੇ ਆਸ਼ਾਵਾਦੀ ਹੋਣ ਦਾ ਸਬੂਤ ਵੀ ਹੈ। ਕੁਝ ਗ਼ਜ਼ਲਨੁਮਾ ਰਚਨਾਵਾਂ ਗ਼ਜ਼ਲ ਤੋਂ ਥੋੜ੍ਹੀ ਵਿੱਥ 'ਤੇ ਹਨ। ਗੀਤ ਗਾਏ ਜਾ ਸਕਦੇ ਹਨ, ਇਨ੍ਹਾਂ ਵਿਚ ਗਾਇਤਾ ਹੈ। ਉਂਜ ਪੁਸਤਕ ਵਿਚ ਕਾਫੀ ਕੁਝ ਅਜਿਹਾ ਵੀ ਹੈ, ਜਿਸ ਨੂੰ ਨਿਖਾਰਿਆ ਤੇ ਹੋਰ ਸੰਵਾਰਿਆ ਜਾ ਸਕਦਾ ਸੀ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਕਹਾਣੀ ਚਾਰ ਵਾਕਾਂ ਦੀ
ਲੇਖਕ : ਨੱਛਤਰ ਸਿੰਘ ਗਿੱਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ :250 ਰੁਪਏ, ਸਫ਼ੇ : 136
ਸੰਪਰਕ : 88722-18378
ਸਾਹਿਤ ਦੀਆਂ ਲੱਗਭਗ ਸਾਰੀਆਂ ਵਿਧਾਵਾਂ ਵਿਚ ਕਲਮ ਚਲਾਉਣ ਵਾਲੇ, ਸੰਪਾਦਨ ਅਤੇ ਅਨੁਵਾਦ ਦਾ ਹੁਨਰ ਰੱਖਣ ਵਾਲੇ ਲੇਖਕ ਨੱਛਤਰ ਸਿੰਘ ਗਿੱਲ ਦੀ ਸਨ 2023 'ਚ ਪ੍ਰਕਾਸ਼ਿਤ ਪੁਜਾਰੀਵਾਦੀ ਵਿਚਾਰਧਾਰਾ ਦੇ ਵਿਰੁੱਧ ਲੋਕਾਂ ਨੂੰ ਚੇਤਨ ਕਰਨ ਵਾਲੀ ਫਿਲਾਲਾਸਫ਼ੀ ਦੀ ਇਹ ਹਥਲੀ ਪੁਸਤਕ ਮਾਰਕਸਵਾਦੀ ਚਿੰਤਕ ਅਤੇ ਆਲੋਚਕ ਸੁਰਜੀਤ ਸਿੰਘ ਘੋਲੀਆ ਨੂੰ ਸਮਰਪਿਤ ਕੀਤੀ ਗਈ ਹੈ। ਪੁਸਤਕ ਦੇ ਆਰੰਭ 'ਚ ਹੀ ਦਿੱਤੇ ਪੱਛਮੀ ਚਿੰਤਕ ਫਰੈਂਕ-ਏ ਕਲਾਰਕ ਦੇ ਵਿਚਾਰ ਪੁਸਤਕ ਦੀ ਵਿਸ਼ਾ ਵਸਤੂ ਅਤੇ ਲੇਖਕ ਦੇ ਮਾਰਕਸਵਾਦੀ ਦ੍ਰਿਸ਼ਟੀਕੋਣ ਵੱਲ ਇਸ਼ਾਰਾ ਕਰਦੇ ਹਨ। ਤਰਕ ਵਿਤਰਕ ਦੇ ਅਧਾਰ ਉਤੇ ਦੋ ਵਿਚਾਰਧਰਾਵਾਂ ਜਾਂ ਫਿਲਾਸਫ਼ੀਆਂ ਦਾ ਤੁਲਨਾਤਮਕ ਅਧਿਐਨ ਕਰਦਿਆਂ ਪੁਜਾਰੀਵਾਦ ਨੂੰ ਨਕਾਰਦਿਆਂ ਨਾਸਤਿਕਤਾ ਦੇ ਪੱਖ 'ਚ ਹਾਮੀ ਭਰਦੀ ਇਹ ਪੁਸਤਕ ਪਾਠਕਾਂ ਦੇ ਮਨਾਂ 'ਚ ਸੋਚਣ ਦੀ ਚਿਣਗ ਪੈਦਾ ਕਰ ਦੀ ਹੈ। ਦੋ ਵਿਚਾਰਧਰਾਵਾਂ ਦੀ ਰਹਿਨੁਮਾਈ ਕਰਦੇ ਇਸ ਪੁਸਤਕ ਦੇ ਦੋ ਪਾਤਰ ਅਨੰਦਾ ਅਤੇ ਸੁਕਰਮਾ ਨੂੰ ਜ਼ਿੰਦਗੀ ਦੇ ਹਾਲਾਤ ਅਤੇ ਸਥਿਤੀਆਂ ਨੇ ਵੱਖਰੇ-ਵੱਖਰੇ ਰਾਹਾਂ ਉੱਤੇ ਤੋਰ ਦਿੱਤਾ। ਇਹੋ ਕਹਾਣੀ ਹੈ ਚਾਰਵਾਕਾਂ ਦੀ ਹੋਂਦ ਅਤੇ ਫਿਲਾਸਫੀ ਦੀ। ਦੋ ਵਿਚਾਰਧਰਾਵਾਂ ਜਾਂ ਫਿਲਾਸਫ਼ੀਆਂ ਦੀ ਤੱਥਾਂ ਦੇ ਅਧਾਰ 'ਤੇ ਪੜਚੋਲ ਕਰਦੀ ਇਸ ਪੁਸਤਕ 'ਚ ਚਾਰਵਾਕਾਂ ਦੇ ਇਤਿਹਾਸ ਬਾਰੇ ਇਹ ਦਰਸਾਇਆ ਗਿਆ ਹੈ ਕਿ ਵੇਦਾਂ ਪੁਰਾਣਾਂ ਦੀ ਧਾਰਮਿਕ ਪਿਤਾ ਪੁਰਖੀ ਅਤੇ ਪੁਰਾਣੇ ਰੀਤੀ ਰਿਵਾਜਾਂ ਨੂੰ ਬ੍ਰਾਹਮਣ ਪੁਜਾਰੀਆਂ ਦੀ ਅਗਵਾਈ ਨੂੰ ਮੰਨਣ ਤੋਂ ਨਾਂਹ ਕਰਨ ਵਾਲਾ ਚਾਰਵਾਕਾਂ ਦੀ ਕਹਾਣੀ ਦੀ ਬਾਤ ਪਾਉਂਦਾ ਇਕ ਸਕੂਲ ਸੀ। ਧਾਰਮਿਕ ਅਤੇ ਰੂਹਾਨੀਅਤ ਵਿਚਾਰਾਂ ਦੀ ਭਾਰਤ ਦੇਸ਼ ਦੀ ਧਰਤ ਉੱਤੇ ਚਾਰਵਾਕ ਵਿਚਾਰਧਾਰਾ ਦਾ ਇਹ ਸਕੂਲ ਨਾਸਤਿਕਤਾ ਅਤੇ ਦਾਰਸ਼ਨਿਕ ਸ਼ੈਲੀ ਦੀ ਉਪਜ ਸੀ। ਇਸ ਸ਼ੈਲੀ ਨੂੰ ਪਾਖੰਡਵਾਦ ਦਾ ਨਾਂਅ ਵੀ ਦਿੱਤਾ ਗਿਆ ਸੀ। ਇਸ ਨੂੰ ਸੰਸਕ੍ਰਿਤ ਅਤੇ ਪਾਲੀ ਦੇ ਸ਼ਬਦ ਲੋਕਅਤਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਜਿਸ ਦਾ ਅਰਥ ਕੁਦਰਤਵਾਦੀ ਅਤੇ ਸੰਸਾਰੀ ਹੈ। ਭਾਵੇਂ ਵਿਸ਼ਾ ਵਸਤੂ ਅਨੁਸਾਰ ਲੇਖਕ ਨੇ ਇਤਿਹਾਸਕ ਤੱਥਾਂ ਨੂੰ ਦਰਸਾਉਣ ਲਈ ਢੁਕਵੇਂ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ ਪਰ ਕਿਤੇ ਕਿਤੇ ਹਿੰਦੀ ਸ਼ਬਦਾਂ ਵਿਪਰੀਤ, ਨੇਤਰਤੱਵ ਅਤੇ ਪ੍ਰਾਚੀਨ ਦੀ ਵਰਤੋਂ ਵੀ ਪੜ੍ਹਨ ਨੂੰ ਮਿਲਦੀ ਹੈ। ਇਹੋ ਜਿਹੇ ਗੰਭੀਰ ਅਤੇ ਸੰਜੀਦਾ ਵਿਸ਼ੇ ਨੂੰ ਲੈ ਕੇ ਲਿਖਣਾ ਸੌਖਾ ਕਾਰਜ ਨਹੀਂ ਪਰ ਫੇਰ ਵੀ ਲੇਖਕ ਨੇ ਇਤਿਹਾਸ ਦਾ ਬਹੁਤ ਹੀ ਡੂੰਘਾਈ ਨਾਲ ਅਧਿਐਨ ਕਰਕੇ ਇਸ ਪੁਸਤਕ ਦੇ ਲੇਖਨ ਦੇ ਕਾਰਜ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਹੈ ਅਤੇ ਆਪਣੇ ਉਦੇਸ਼ 'ਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-28136
ਆਧੁਨਿਕ ਪੰਜਾਬੀ ਗਲਪ-ਵਿਭਿੰਨ ਪਾਸਾਰ
ਮੁੱਖ ਸੰਪਾਦਕ : ਡਾ. ਜਸਵੀਰ ਸਿੰਘ
ਸੰਪਾਦਕ : ਪ੍ਰੋ. ਹਰਜਿੰਦਰ ਸਿੰਘ, ਡਾ. ਗੁਰਪ੍ਰੀਤ ਕੌਰ, ਪ੍ਰੋ. ਦਿਨੇਸ਼ ਕੁਮਾਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰ, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ :120
ਸੰਪਰਕ : 98146-73236
ਇਸ ਪੁਸਤਕ ਵਿਚ ਆਧੁਨਿਕ ਪੰਜਾਬੀ ਨਾਵਲ ਤੇ ਕਹਾਣੀ ਦੇ ਬਹੁਮੁਖੀ ਅਧਿਐਨ ਨਾਲ ਸੰਬੰਧਿਤ ਜੋ ਖੋਜ ਪੱਤਰ ਸ਼ਾਮਿਲ ਕੀਤੇ ਗਏ ਹਨ ਜੋ ਇਕ ਬਹੁਤ ਵੱਡਾ ਕੰਮ ਕਰਕੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਦੀ ਸਹੂਲਤ ਲਈ ਵੱਡਾ ਕਾਰਜ ਕੀਤਾ ਗਿਆ ਹੈ। ਪੁਸਤਕ ਵਿਚ ਨਾਵਲ 'ਏਹ ਹਮਾਰਾ ਜੀਵਣਾ' ਦਾ ਵਿਸ਼ਾ ਵਸਤੂ (ਹਰਜਿੰਦਰ ਸਿੰਘ), 'ਅੱਧ ਚਾਣਨੀ ਰਾਤ' ਨਾਵਲ ਦਾ ਅਧਿਐਨ (ਡਾ. ਅਨਦੀਪ ਹੀਰਾ), 'ਬੋਲ ਮਰਦਾਨਿਆ' ਨਾਵਲ ਵਿਚ ਨਾਇਕਤਵ ਦੀ ਨਿਰਮਾਣਕਾਰੀ (ਡਾ. ਗੁਰਪ੍ਰੀਤ ਕੌਰ), ਪਿੰਜਰ ਨਾਵਲ ਨਾਰੀਵੇਦਨਾ (ਰਵਿੰਦਰ ਸਿੰਘ), ਬੋਲ ਮਰਦਾਨਿਆ ਨਾਵਲ ਦੀਆਂ ਕਲਾਤਮਿਕ ਜੁਗਤਾਂ (ਸੁਖਵਿੰਦਰ ਸਿੰਘ), ਗੁਰਦਿਆਲ ਸਿੰਘ ਰਚਿਤ ਪਰਸਾ : ਵਿਸੰਗਤ ਅਧਿਐਨ (ਡਾ. ਮਨਪ੍ਰੀਤ ਕੌਰ), ਪੰਜਾਬੀ ਨਾਵਲ ਵਿਚ ਗੁਰਦਿਆਲ ਸਿੰਘ ਦਾ ਸਥਾਨ (ਹਰਪ੍ਰੀਤ ਕੌਰ), ਪਰਸਾ ਨਾਵਲ-ਨਾਇਕ ਤੇ ਨਾਇਕਤਵ ਦੀ ਨਿਰਮਾਣਕਾਰੀ (ਹਰਪ੍ਰੀਤ ਕੌਰ), ਪ੍ਰਵਾਸੀ ਪੰਜਾਬੀ ਨਾਵਲ-ਇਕ ਵਿਸ਼ੇਸ਼ ਅਧਿਐਨ (ਦਿਨੇਸ਼ ਕੁਮਾਰ), ਪੰਜਾਬੀ ਨਾਵਲ ਦੇ ਇਤਿਹਾਸ ਵਿਚ ਦਲੀਪ ਕੌਰ ਟਿਵਾਣਾ ਦਾ ਸਥਾਨ (ਡਾ. ਸੁਖਵਿੰਦਰ ਕੌਰ), ਲੰਘ ਗਏ ਦਰਿਆ : ਸਮਾਜਿਕ ਸੱਭਿਆਚਾਰ ਸਰੋਕਾਰ (ਡਾ. ਸੁਖਵਿੰਦਰ ਕੌਰ), ਸੰਤਾਪੇ ਲੋਕ - ਕਹਾਣੀ ਸੰਗ੍ਰਹਿ ਵਿਚ ਸਮਾਜਿਕ ਯਥਾਰਥ (ਹਰਜਿੰਦਰ ਸਿੰਘ), ਚਾਦਰ ਹੇਠਲਾ ਬੰਦਾ ਕਹਾਣੀ-ਸੰਗ੍ਰਹਿ ਦੇ ਪ੍ਰਮੁੱਖ ਸਰੋਕਾਰ (ਡਾ. ਅਮਨਦੀਪ ਹੀਰਾ), ਹਮਦਰਦਵੀਰ ਨੌਸ਼ਹਿਰਵੀ ਦੀਆਂ ਕਹਾਣੀਆਂ ਵਿਚ ਤਤਕਾਲੀ ਪ੍ਰਬੰਧ ਤੇ ਵਿਅੰਗ (ਡਾ. ਗੁਰਪ੍ਰੀਤ ਕੌਰ), ਕਹਾਣੀ ਸੱਪ ਤੇ ਸ਼ਹਿਰ-ਸਵੈ ਦੁਖਾਂਤ ਦੀ ਦਾਸਤਾਨ (ਰਵਿੰਦਰ ਸਿੰਘ), ਉੱਚਾ ਬੁਰਜ ਲਾਹੌਰ ਦਾ - ਨਵਤੇਜ ਪੁਆਧੀ ਕਹਾਣੀ-ਸੰਗ੍ਰਹਿ ਦਾ ਆਲੋਚਨਾਤਮਿਕ ਅਧਿਐਨ (ਸੁਖਵਿੰਦਰ ਸਿੰਘ), ਕੁਲਵੰਤ ਸਿੰਘ ਵਿਰਕ ਦੀ ਭਾਸ਼ਾ ਸ਼ੈਲੀ (ਡਾ. ਮਨਪ੍ਰੀਤ ਕੌਰ/ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦੇ ਪ੍ਰਮੁੱਖ ਸਰੋਕਾਰ ਮੇਰੀਆਂ ਸ੍ਰੇਸ਼ਟ ਕਹਾਣੀਆਂ ਦੇ ਸੰਦਰਭ ਵਿਚ (ਡਾ. ਹਰਸਿਮਰਤ ਕੌਰ), ਕੁਲਵੰਤ ਸਿੰਘ ਵਿਰਕ ਦਾ ਪੰਜਾਬੀ ਕਹਾਣੀ ਦੇ ਖੇਤਰ ਵਿਚ ਸਥਾਨ (ਡਾ. ਹਰਸਿਮਰਤ ਕੌਰ), ਮਾਨਸਿਕ ਸੱਧਰਾਂ ਦਾ ਬਿਰਤਾਂਤ ਤੁਮ ਕਿਉਂ ਉਦਾਸ ਹੋ (ਦਿਨੇਸ਼ ਕੁਮਾਰ) ਨੇ ਜੋ ਬੜੀ ਡੂੰਘੀ ਨਜ਼ਰ ਨਾਲ ਵਿਸ਼ਲੇਸ਼ਣ ਕਰਕੇ ਹਰ ਪੱਖ ਦੀ ਜਾਣਕਾਰੀ ਦਿੱਤੀ ਹੈ ਅਤੇ ਨਾਲ ਹਵਾਲੇ ਤੇ ਟਿੱਪਣੀਆਂ ਵੀ ਦੇ ਕੇ ਹੋਰ ਸੋਹਣਾ ਕੰਮ ਕੀਤਾ ਹੈ। ਇਹ ਸਮੁੱਚਾ ਕਾਰਜ ਸਲਾਹੁਣਯੋਗ ਹੈ।
-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990
ਭਾਰਤ ਦਾ ਅਣਖੀਲਾ ਸੂਰਬੀਰ
ਮਹਾਰਾਣਾ ਪ੍ਰਤਾਪ
ਲੇਖਕ : ਭੁਪਿੰਦਰ ਉਪਰਾਮ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 112
ਸੰਪਰਕ : 73550-14055
ਭਾਰਤ ਦਾ ਅਣਖੀਲਾ ਸੂਰਬੀਰ 'ਮਹਾਰਾਣਾ ਪ੍ਰਤਾਪ' ਭੁਪਿੰਦਰ ਉਪਰਾਮ ਦੁਆਰਾ ਲਿਖੀ ਜੀਵਨੀ ਹੈ। ਇਹ ਮਹਾਰਾਣਾ ਪ੍ਰਤਾਪ ਦੇ ਮਾਤ-ਭੂਮੀ ਨਾਲ ਪਿਆਰ, ਰਾਜਪੂਤਾਂ ਦੀ ਆਨ-ਮਾਣ-ਸ਼ਾਨ ਅਤੇ ਉਸ ਦੁਆਰਾ ਦਿੱਤੇ ਬਲੀਦਾਨ ਦੀ ਕਹਾਣੀ ਹੈ। ਇਸ ਦੇ ਨਾਲ ਹੀ ਇਹ ਪੁਸਤਕ ਉਸ ਦੁਆਰਾ ਕੀਤੀਆਂ ਲੜਾਈਆਂ, ਉਸ ਦੀ ਸੈਨਾ, ਸੈਨਾ ਵਿਚਲੇ ਸਰਦਾਰ ਅਤੇ ਸਿਪਾਹੀਆਂ ਬਾਰੇ ਮਹੱਤਵਪੂਰਨ ਤੱਥ ਪੇਸ਼ ਕਰਦੀ ਹੈ। ਲੇਖਕ ਨੇ ਇਸ ਜੀਵਨੀ ਨੂੰ 10 ਪਾਠਾਂ ਵਿਚ ਵੰਡਿਆ ਹੈ। ਪਹਿਲੇ ਪਾਠ ਵਿਚ ਉਹ ਮੇਵਾੜ ਰਾਜ ਘਰਾਣੇ ਨਾਲ ਜਾਣ-ਪਛਾਣ ਕਰਵਾਉਂਦਾ ਹੈ। ਉਹ ਮਹਾਰਾਣਾ ਪ੍ਰਤਾਪ ਦੇ ਪੁਰਖਿਆਂ ਗ੍ਰਹਾਦਿਤ ਤੋਂ ਗੱਲ ਸ਼ੁਰੂ ਕਰਦਾ ਹੈ ਅਤੇ ਬਪਾ ਰਾਵਲ, ਰਤਨ ਸਿੰਘ, ਹਮੀਰ ਸਿੰਘ, ਖੇਤਰ ਸਿੰਘ, ਰਾਇਮਲ, ਰਾਣਾ ਸਾਂਗਾ ਅਤੇ ਮਹਾਰਾਣਾ ਉਦੈ ਸਿੰਘ ਬਾਰੇ ਮੁੱਖ ਗੱਲਾਂ ਦੱਸਦੇ ਹੋਏ ਮਹਾਰਾਣਾ ਪ੍ਰਤਾਪ ਤੱਕ ਪੁੱਜਦਾ ਹੈ। ਅਗਲੇ ਪਾਠਾਂ ਵਿਚ ਲੇਖਕ ਮਹਾਰਾਣਾ ਪ੍ਰਤਾਪ ਦੇ ਜਨਮ, ਬਚਪਨ ਅਤੇ ਉਸ ਦੇ ਵਿਅਕਤਿਤਵ ਦੇ ਮੁੱਖ ਲੱਛਣ ਦੱਸਦੇ ਹੋਏ ਉਸ ਦੇ ਗੱਦੀ 'ਤੇ ਬੈਠਣ ਦੇ ਹਾਲਾਤ ਵੀ ਕਲਮਬੱਧ ਕਰਦਾ ਹੈ। ਜਦੋਂ ਉਹ ਗੱਦੀ 'ਤੇ ਬੈਠਾ ਸੀ ਤਾਂ ਉਸ ਦੀ ਰਿਆਸਤ ਮੇਵਾੜ ਆਰਥਿਕ ਪੱਖੋਂ ਅਤੇ ਰਾਜਨੀਤਕ ਖੇਤਰਾਂ ਦੀਆਂ ਸੀਮਾਵਾਂ ਹੋਰ ਵਧਾਉਣ ਪੱਖੋਂ ਮਾੜੇ ਸਮੇਂ ਦੇ ਦੌਰ ਵਿਚੋਂ ਲੰਘ ਰਿਹਾ ਸੀ। ਰਾਣਾ ਸਾਂਗਾ ਵਰਗਾ ਯੋਧਾ ਬਾਬਰ ਹੱਥੋਂ ਖਾਨਵਾ ਦੀ ਲੜਾਈ ਵਿਚ ਹਾਰ ਚੁੱਕਾ ਸੀ। ਉਸ ਹਾਰ ਤੋਂ ਬਾਅਦ ਹੰਮਾਯੂ ਅਤੇ ਸ਼ੇਰ ਸ਼ਾਹ ਸੂਰੀ ਦੇ ਸਮੇਂ ਵੀ ਰਾਜਪੂਤ ਦੁਬਾਰਾ ਪੈਰਾਂ ਸਿਰ ਨਾ ਹੋ ਸਕੇ। ਅਕਬਰ ਦੇ ਸਮੇਂ ਤਾਂ ਕਈ ਰਾਜਪੂਤ ਰਾਜਿਆਂ ਵਲੋਂ ਉਸ ਦੀ ਵੱਡੀ ਸੈਨਿਕ ਤਾਕਤ ਕਾਰਨ ਈਨ ਮੰਨ ਲਈ ਗਈ ਸੀ। ਅਕਬਰ ਵਲੋਂ ਮਹਾਰਾਣਾ ਪ੍ਰਤਾਪ ਨਾਲ ਵੀ ਸੰਧੀ ਕਰਨ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਹ ਸੰਭਵ ਨਾ ਹੋ ਸਕਿਆ। ਮਹਾਰਾਣਾ ਪ੍ਰਤਾਪ ਨੇ ਮੁਗ਼ਲਾਂ ਵਿਰੁੱਧ ਸੰਘਰਸ਼ ਵੀ ਵਿੱਢ ਲਿਆ ਸੀ। ਇਸੇ ਸੰਘਰਸ਼ ਦੇ ਨਤੀਜੇ ਵਜੋਂ ਹਲਦੀ ਘਾਟੀ ਦਾ ਯੁੱਧ ਹੋਇਆ। ਲੇਖਕ ਨੇ ਇਸ ਸਾਰੇ ਯੁੱਧ ਦੇ ਹਾਲ ਦੇ ਨਾਲ-ਨਾਲ ਇਸ ਵਿਚ ਯੁੱਧ ਤੋਂ ਬਾਅਦ ਮਾਨ ਸਿੰਘ ਦੁਆਰਾ ਮਹਾਰਾਣਾ ਪ੍ਰਤਾਪ ਨੂੰ ਕੈਦ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਵੀ ਜ਼ਿਕਰ ਕੀਤਾ ਹੈ। ਕਦੀ ਕੁੰਬਲਗੜ੍ਹ ਵਿਚ ਤੇ ਕਦੀ ਮੇਵਾੜ ਵਿਚ ਕਦੀ ਸ਼ਾਹਬਾਜ਼ ਖ਼ਾਨ ਅਤੇ ਕਦੀ ਰੁਸਤਮ ਖ਼ਾਨ ਨਾਲ ਸੰਘਰਸ਼ ਕਰਦਿਆਂ ਮਹਾਰਾਣਾ ਨੇ ਅਕਬਰ ਦੀ ਈਨ ਨਾ ਮੰਨੀ। ਇਹ ਗੱਲ ਹੁਣ ਅਕਬਰ ਵੀ ਜਾਣ ਚੁੱਕਾ ਸੀ, ਇਸ ਲਈ ਉਸ ਨੇ ਵੀ ਹਮਲੇ ਕਰਨੇ ਛੱਡ ਦਿੱਤੇ। ਮਹਾਰਾਣਾ ਦੀ ਮੌਤ 57 ਸਾਲ ਦੀ ਉਮਰ ਵਿਚ ਹੋਈ। ਲੇਖਕ ਨੇ ਸਾਰੇ ਇਤਿਹਾਸ ਨੂੰ ਤੱਥਾਂ ਅਤੇ ਸਬੂਤਾਂ ਸਮੇਤ ਪੇਸ਼ ਕੀਤਾ ਹੈ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਸੰਗੀਤ ਚੇਤਨਾ
ਲੇਖਕ : ਪ੍ਰੋ. ਸ਼ਮਸ਼ਾਦ ਅਲੀ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ ਰਾਮਪੁਰ (ਲੁਧਿਆਣਾ)
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98725-72737
ਪ੍ਰੋ. ਸ਼ਮਸ਼ਾਦ ਅਲੀ, ਐਸੋਸੀਏਟ ਪ੍ਰੋਫ਼ੈਸਰ, ਸੰਗੀਤ ਵਿਭਾਗ ਪ੍ਰਸਿੱਧ ਕਾਲਜ ਮੁਕੰਮਦਪੁਰ ਵਿਖੇ ਆਪਣੀ ਡਿਊਟੀ ਪੂਰੀ ਲਗਨ ਅਤੇ ਤਨਦੇਹੀ ਨਾਲ ਨਿਭਾਅ ਰਿਹਾ ਹੈ। ਸੰਗੀਤ ਪ੍ਰਤੀ ਕੁਝ ਕਰ ਗੁਜ਼ਰਨ ਦੀ ਚੇਸ਼ਟਾ ਕਰਕੇ, ਇਸ ਖੇਤਰ ਦੀ ਹਰ ਸਮੱਸਿਆ ਨਾਲ ਆਪਣੇ ਅਨੁਭਵ ਦੇ ਆਧਾਰ 'ਤੇ ਡੂੰਘੀ ਖੋਜ ਕਰਕੇ ਹੋਰਨਾਂ ਵਿਦਵਾਨਾਂ ਦੇ ਵਿਚਾਰ ਪੇਸ਼ ਕਰਕੇ ਸੰਗੀਤ ਦੇ ਫੀਲਡ ਦੀਆਂ ਉਦਾਹਰਨਾਂ ਦੇ ਕੇ ਸੰਗੀਤ ਦੇ ਵਿਕਾਸ ਲਈ ਬੜਾ ਕੁਝ ਸੂਝ ਭਰਿਆ ਤਰਕਪੂਰਨ ਵਿਸ਼ਲੇਸ਼ਣ ਕਰਕੇ ਸੰਗੀਤ ਖੇਤਰ ਦੇ ਅਧਿਆਪਕਾਂ ਵਿਦਿਆਰਥੀਆਂ ਅਤੇ ਸਰੋਤਿਆਂ ਨੂੰ ਮੁੱਲਵਾਨ ਅਗਵਾਈ ਪ੍ਰਦਾਨ ਕੀਤੀ ਹੈ। ਪੁਸਤਕ ਦੇ ਸਾਰੇ ਦੇ ਸਾਰੇ 24 ਕਾਂਡਾਂ ਵਿਚ ਸੰਬੰਧਿਤ ਵਿਸ਼ੇ 'ਤੇ ਕੇਂਦਰਿਤ ਰਹਿੰਦਿਆਂ ਉਸ ਵਿਸ਼ੇ ਦੀ ਪਰਿਭਾਸ਼ਾ, ਸਿਧਾਂਤ, ਥਿਊਰੀ ਦੇਣ ਉਪਰੰਤ, ਹਰ ਖੇਤਰ ਦੀਆਂ ਸਮੱਸਿਆਵਾਂ, ਉਨ੍ਹਾਂ ਦੇ ਨਿੱਜੀ ਅਨੁਭਵ ਅਨੁਸਾਰ ਹੱਲ ਸੁਝਾਉਂਦਿਆਂ ਬੜੀਆਂ ਵਿਹਾਰਿਕ ਦ੍ਰਿਸ਼ਟੀਆਂ ਪੇਸ਼ ਕੀਤੀਆਂ ਹਨ ਤਾਂ ਕਿ ਸੰਬੰਧਿਤ ਕਾਰਜ ਖੇਤਰ 'ਤੇ ਵਿਸ਼ੇਸ਼ ਧਿਆਨ ਦੇ ਕੇ ਸੁਧਾਰ ਦੀ ਪ੍ਰਕਿਰਿਆ ਚਾਲੂ ਹੋ ਸਕੇ। ਇਸੇ ਮਨੋਰਥ ਲਈ ਲੇਖਕ ਨੇ ਆਪਣੀ ਸੰਸਥਾ ਵਿਚ 'ਸੰਗੀਤ ਚੇਤਨਾ ਸਭਾ' ਬਣਾਈ ਹੋਈ ਹੈ। ਪੁਰਾਤਨ ਸਮੇਂ ਤੋਂ ਸੰਗੀਤ ਦੀ ਪਰੰਪਰਾ ਦਾ ਉਥਾਨ ਅਤੇ ਪਤਨ, ਵੱਖ-ਵੱਖ ਇਤਿਹਾਸਕ ਕਾਡਾਂ ਵਿਚ ਬਾਖੂਬੀ ਦਰਸਾਇਆ ਹੈ। ਗੁਰੂ ਕੁਲ/ ਸ਼ਿਸ਼ ਪਰੰਪਰਾ / ਘਰਾਣੇਦਾਰ ਪਰੰਪਰਾ ਦੇ ਮੁਕਾਬਲੇ ਅਜੋਕਾ ਦ੍ਰਿਸ਼ ਵੇਖ ਕੇ, ਲੇਖਕ ਅਨੁਸਾਰ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਦੱਸਿਆ ਗਿਆ ਹੈ ਸੰਗੀਤ ਕੀ ਹੈ, ਇਸ ਦੇ ਕਿਹੜੇ ਰੂਪ ਹਨ, ਮਨੁੱਖੀ ਜੀਵਨ ਵਿਚ ਸੰਗੀਤ ਕਿਵੇਂ ਸਾਰਥਿਕ ਰੋਲ ਨਿਭਾ ਸਕਦਾ ਹੈ? ਸੰਗੀਤ ਦੀਆਂ ਸਾਰੀਆਂ ਪਰੰਪਰਾਵਾਂ ਵਿਚ ਭਾਰਤੀ ਸ਼ਾਸਤਰੀ ਸੰਗੀਤ 'ਕੇਂਦਰੀ ਸਥਾਨ' ਪ੍ਰਾਪਤ ਕਰਦਾ ਨੋਟ ਕੀਤਾ ਜਾ ਸਕਦਾ ਹੈ। ਸਮੇਂ ਦੀ ਲੋੜ ਹੈ ਜਨ-ਸਾਧਾਰਨ ਵੀ ਸ਼ਾਸਤਰੀ ਸੰਗੀਤ, ਸੁਗਮ ਸੰਗੀਤ, ਧਾਰਮਿਕ ਸੰਗੀਤ ਨਾਲ ਜੁੜਿਆ ਰਹੇ। 'ਸੰਗੀਤ ਭਾਵੇਂ ਗਾਇਨ ਹੋਵੇ ਜਾਂ ਵਾਦਕ ਦੋਵਾਂ ਵਿਚ ਗਲੇ ਅਤੇ ਹੱਥ ਨੂੰ ਤਿਆਰ ਕਰਨਾ ਬਹੁਤ ਹੀ ਗੰਭੀਰ ਅਤੇ ਤਕਨੀਕੀ ਵਿਸ਼ਾ ਹੈ।' ਪੰਨਾ.77 ਸੁਰਾਂ ਤੋਂ ਬਿਨਾਂ ਰਾਗ ਨਹੀਂ ਹੋ ਸਕਦਾ। ਰਾਗਾਂ ਨੂੰ ਸਮੇਂ ਨਾਲ ਸੰਬੰਧਿਤ ਕਰਨਾ ਵਾਦ-ਵਿਵਾਦ ਦਾ ਵਿਸ਼ਾ ਹੈ। ਲੇਖਕ ਦਾ ਮੰਤਵ ਆਪਣੇ ਵਿਦਿਆਰਥੀਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਉਭਾਰਨਾ ਪ੍ਰਤੀਤ ਹੁੰਦਾ ਹੈ। ਯੁਵਕ ਮੇਲਿਆਂ ਦੀ ਸਥਿਤੀ ਦਾ ਨਿਰਪੱਖ ਵਿਸ਼ਲੇਸ਼ਣ ਕੀਤਾ ਹੈ। ਲੇਖਕ ਅਜੋਕੇ ਸਮੇਂ ਪੇਸ਼ ਹੋਣ ਵਾਲੇ ਗੀਤਾਂ ਵਿਚ ਅਸ਼ਲੀਲਤਾ ਅਤੇ ਰੀਮਿਕਸ ਤੋਂ ਚਿੰਤਤ ਜਾਪਦਾ ਹੈ। ਲੇਖਕ ਗੁਰਮਤਿ ਸੰਗੀਤ, ਸੂਫ਼ੀ ਸੰਗੀਤ, ਲੋਕ ਸੰਗੀਤ, ਤਬਲਾ ਵਾਦਨ, ਸੰਗੀਤ ਪੱਤਰਕਾਰੀ ਇਤਿਆਦਿ ਫੁਟਕਲ ਵਿਸ਼ਿਆਂ ਬਾਰੇ ਵੀ ਮੁੱਲਵਾਨ/ਵਿਚਾਰਨਯੋਗ ਜਾਣਕਾਰੀ ਦਿੰਦਾ ਹੈ। ਪੁਸਤਕ ਦੇ ਅੰਤ 'ਤੇ ਸ਼ਾਸਤਰੀ ਸੰਗੀਤ, ਲੋਕ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਸਾਜ਼ਾਂ ਦੀਆਂ ਤਸਵੀਰਾਂ ਦੇ ਕੇ ਆਪਣੇ ਵਿਚਾਰਾਂ ਨੂੰ ਪ੍ਰਮਾਣਿਤ ਕਰਦਾ ਹੈ। ਕੁੱਲ ਮਿਲਾ ਕੇ ਇਹ ਪੁਸਤਕ 'ਸੰਗੀਤ ਚੇਤਨਾ' ਬਾਰੇ ਬਹੁਮੁੱਲਾ ਦਸਤਾਵੇਜ਼ ਹੋ ਨਿੱਬੜੀ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharmchand@gmail.com