JALANDHAR WEATHER

ਤਵੇਸਾ ਮਲਿਕ ਸੰਧੂ ਨੇ ਯੂਰਪੀਅਨ ਗੋਲਫ਼ ’ਚ ਨਿਭਾਈ ਸ਼ਾਨਦਾਰ ਭੂਮਿਕਾ

ਜ਼ੀਰਕਪੁਰ, 3 ਜੁਲਾਈ (ਹੈਪੀ ਪੰਡਵਾਲਾ)- ਭਾਰਤ ਦੇ ਪ੍ਰਸਿੱਧ ਗੋਲਫ਼ ਖਿਡਾਰੀ ਅਜੀਤੇਸ਼ ਸੰਧੂ ਦੀ ਪਤਨੀ ਤਵੇਸਾ ਮਲਿਕ ਸੰਧੂ ਨੇ ਲੇਡੀਜ਼ ਯੂਰਪੀਅਨ ਗੋਲਫ਼ ਟੂਰ ’ਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਤਵੇਸਾ ਸਵਿਸ ਲੇਡੀਜ਼ ਓਪਨ ਲਈ ਮੈਦਾਨ ’ਚ ਉਤਰਨ ਵਾਲੀਆਂ 5 ਭਾਰਤੀ ਖਿਡਾਰਨਾਂ ਵਿਚੋਂ ਇਕ ਸੀ। ਇਸ ਬਾਬਤ ਇੱਥੇ ਜਾਣਕਾਰੀ ਦਿੰਦਿਆਂ ਤਵੇਸਾ ਮਲਿਕ ਸੰਧੂ ਦੇ ਸਹੁਰੇ ਸੀਨੀਅਰ ਭਾਜਪਾ ਆਗੂ ਅਤੇ ਗੋਲਫ਼ਰ ਐੱਸ.ਐੱਮ.ਐੱਸ. ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਤਵੇਸਾ ਦੀ ਯੂਰਪੀਅਨ ਸਰਕਟ ਪੀ.ਜੀ.ਏ. ਲਈ ਚੋਣ ਹੋਈ ਸੀ। ਉਹ ਪਹਿਲਾਂ ਭਾਰਤ ਅਤੇ ਏਸ਼ੀਆ ਪੱਧਰ ’ਤੇ ਵੀ ਸ਼ਾਨਦਾਰ ਭੂਮਿਕਾ ਨਿਭਾਅ ਚੁੱਕੀ ਹੈ। ਸੰਧੂ ਨੇ ਦੱਸਿਆ ਕਿ ਤਵੇਸਾ 6 ਟੂਰਨਾਮੈਂਟ ਖੇਡ ਚੁੱਕੀ ਹੈ ਅਤੇ ਉਸਨੇ ਪਹਿਲਾਂ ਸਾਊਥ ਅਫ਼ਰੀਕਾ ਤੋਂ ਵੀ ਜਿੱਤ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਹਾਲ ’ਚ ਹੋਏ ਇਸ ਟੂਰਨਾਮੈਂਟ ’ਚ ਤਵੇਸਾ ਦਾ ਸਕੋਰ ਅੰਡਰ 11 ਰਿਹਾ। ਉਨ੍ਹਾਂ ਅੱਗੇ ਕਿਹਾ ਕਿ ਉਸ ਨੇ ਜਿਸ ਤਰ੍ਹਾਂ ਆਪਣੀ ਖੇਡ ਪ੍ਰਤਿਭਾ ਦਿਖਾਈ, ਉਹ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ। ‘ਅਜੀਤ’ ਨਾਲ ਗੱਲ ਕਰਦਿਆਂ ਤਵੇਸਾ ਮਲਿਕ ਨੇ ਆਖਿਆ ਕਿ ਮੈਦਾਨ ’ਚ ਨਿਭਾਈ ਭੂਮਿਕਾ ਨਾਲ ਉਸ ਨੂੰ ਸਕੂਨ ਮਿਲਿਆ ਹੈ। ਇਸ ਪ੍ਰਦਰਸ਼ਨ ਨਾਲ ਉਸ ਨੂੰ ਅਗਲੇ ਹਫ਼ਤੇ ਹੋਣ ਵਾਲੇ ਅਰਾਮਕੋ ਟੀਮ ਸੀਰੀਜ਼ ਲੰਡਨ ਈਵੈਂਟ ’ਚ ਥਾਂ ਮਿਲ ਗਈ ਹੈ। 28 ਸਾਲਾ ਤਵੇਸਾ ਨੇ ਦੱਸਿਆ ਕਿ ਉਸ ਦੇ ਪਤੀ ਅਜੀਤੇਸ਼ ਸੰਧੂ ਗੋਲਫ਼ ਦੇ ਪ੍ਰਸਿੱਧ ਖਿਡਾਰੀ ਹਨ ਅਤੇ ਸਹੁਰਾ ਵੀ ਗੋਲਫ਼ ਖੇਡਦੇ ਹਨ, ਜੋ ਉਸ ਦੀ ਖੇਡ ਨੂੰ ਨਿਖਾਰਨ ਲਈ ਪੂਰਾ ਸਹਿਯੋਗ ਦੇ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ