ਗਰਿੱਡ ਮੁਲਾਜ਼ਮ ਨੇ ਲਾਇਆ ਹਲਕਾ ਵਿਧਾਇਕ ਦੇ ਪਿੰਡ ਨੂੰ ਪਾਵਰ ਕੱਟ, ਸਰਪੰਚ ਨੇ ਕੁੱਟ ਦਿੱਤਾ ਮੁਲਾਜ਼ਮ
ਠੱਠੀ ਭਾਈ (ਮੋਗਾ), 26 ਅਪ੍ਰੈਲ (ਜਗਰੂਪ ਸਿੰਘ ਮਠਾੜੂ)- ਇਲਾਕੇ ਵਿਚ ਪੈ ਰਹੀ ਅੱਤ ਦੀ ਗਰਮੀ ਦੇ ਚਲਦਿਆਂ ਪਾਵਰ ਕਾਮ ਵਲੋਂ ਰਾਤ ਰਾਤ ਭਰ ਦੇ ਲਾਏ ਜਾ ਰਹੇ ਪਾਵਰ ਕੱਟਾਂ ਕਾਰਨ ਜਿਥੇ ਇਲਾਕੇ ਭਰ ਦੇ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ, ਉਥੇ ਮੋਗਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਤੇ ਪੁਲਿਸ ਥਾਣਾ ਸਮਾਲਸਰ ਹੇਠਲੇ ਪਿੰਡ ਸੁਖਾਨੰਦ ਜੋ ਸੱਤਾਧਾਰੀ ਧਿਰ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਪਿੰਡ ਹੈ, ਦੇ ਨਜ਼ਦੀਕੀ ਸੱਤਾਧਾਰੀ ਧਿਰ ਦੇ ਸਰਪੰਚ ’ਤੇ ਪਾਵਰ ਕਾਮ ਦੇ ਅਧਿਕਾਰੀ ਵਲੋਂ ਪਾਵਰ ਕੱਟ ਲਗਾਏ ਜਾਣ ’ਤੇ ਕੁੱਟਮਾਰ ਕਰਨ ਦੇ ਕਥਿਤ ਦੋਸ਼ ਲਗਾਏ ਹਨ। ਪਿੰਡ ਸੁਖਾਨੰਦ ਵਿਖੇ ਸਥਿਤ ਪਾਵਰਕਾਮ ਦੇ ਬਿਜਲੀ ਗਰਿੱਡ ’ਤੇ ਐਸ.ਐਸ.ਏ ਦੀ ਪੋਸਟ ’ਤੇ ਤਾਇਨਾਤ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ 25 ਅਪ੍ਰੈਲ ਦੀ ਰਾਤ ਨੂੰ ਸਮਾਂ ਕਰੀਬ 10:30 ਪੌਣੇ 11 ਦਾ ਸੀ। ਇਸ ਮੌਕੇ ਪਾਵਰਕਾਮ ਦੀਆਂ ਹਦਾਇਤਾਂ ਅਨੁਸਾਰ ਪਿੰਡ ਸੁਖਾਨੰਦ ਵਿਖੇ ਸਵਾ ਘੰਟੇ ਦਾ ਪਾਵਰ ਕੱਟ ਲੱਗਾ ਹੋਇਆ ਸੀ। ਬਿਜਲੀ ਬੰਦ ਹੋਣ ਕਾਰਨ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਦਾ ਉਨ੍ਹਾਂ ਨੂੰ ਫੋਨ ਆਇਆ ਕਿ ਬਿਜਲੀ ਚਾਲੂ ਕੀਤੀ ਜਾਵੇ। ਗੁਰਮੇਲ ਸਿੰਘ ਨੇ ਦੱਸਿਆ ਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਸੀਨੀਅਰ ਅਧਿਕਾਰੀਆਂ ਦਾ ਫੋਨ ਕਰਵਾ ਦੇਵੋ, ਮੈਂ ਬਿਜਲੀ ਛੱਡ ਦੇਵਾਂਗਾ ਤਾਂ ਸਰਪੰਚ ਨੇ ਕਿਹਾ ਕਿ ਮੈਂ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਦਾ ਹਾਂ। ਕੁਝ ਕੁ ਸਮੇਂ ਬਾਅਦ ਸਰਪੰਚ ਦਾ ਮੁੜ ਫੋਨ ਆਇਆ ਕਿ ਮੇਰੀ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਹੋ ਗਈ ਹੈ, ਤੁਸੀਂ ਬੱਤੀ ਛੱਡ ਦੇਵੋ ਤਾਂ ਮੈਂ ਕਿਹਾ ਕਿ ਤੁਸੀਂ ਮੈਨੂੰ ਫੋਨ ਕਰਵਾ ਦੇਵੋ ਮੈਂ ਆਪਣੇ ਸੀਨੀਅਰ ਅਧਿਕਾਰੀਆਂ ਦੇ ਕਹਿਣ ’ਤੇ ਲਾਈਟ ਛੱਡ ਦੇਵਾਂਗਾ। ਇਸ ਗੱਲ ’ਤੇ ਖਿੱਝ ਕੇ ਸਰਪੰਚ ਆਪਣੇ ਕੁਝ ਸਾਥੀਆਂ ਨਾਲ ਗਰਿੱਡ ’ਤੇ ਆ ਗਿਆ ਅਤੇ ਗਰਿੱਡ ਦਾ ਮੇਨ ਗੇਟ ਟੱਪ ਕੇ ਮੈਨੂੰ ਗਾਲੀ ਗਲੋਚ ਕਰਦਾ ਹੋਇਆ ਹੱਥੋ ਪਾਈ ਹੋ ਗਿਆ।
ਇਸ ਸਭ ਦੇ ਰੋਸ ਵਜੋਂ ਬਿਜਲੀ ਮੁਲਾਜ਼ਮ ਜਥੇਬੰਦੀ ਨੇ ਸੱਤਾਧਾਰੀ ਧਿਰ ਦੇ ਸਰਪੰਚ ਵਲੋਂ ਡਿਊਟੀ ’ਤੇ ਤਾਇਨਾਤ ਮੁਲਾਜ਼ਮ ਦੀ ਕੀਤੀ ਗਈ ਕੁੱਟਮਾਰ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਅੱਜ ਸਵੇਰੇ ਆਪਣੇ ਸਾਥੀ ਨੂੰ ਭਗਤਾ ਭਾਈ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਦੂਜੇ ਪਾਸੇ ਸਰਪੰਚ ਸੁਰਜੀਤ ਸਿੰਘ ਨੇ ਬੀਤੀ ਰਾਤ ਗਰਿੱਡ ’ਤੇ ਜਾਣ ਦੀ ਪੁਸ਼ਟੀ ਕਰਦਿਆਂ ਉਕਤ ਮੁਲਾਜ਼ਮ ਵਲੋਂ ਗਾਲੀ ਗਲੋਚ ਅਤੇ ਕੁੱਟਮਾਰ ਦੇ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਲਾਈਟ ਛਡਵਾਉਣ ਲਈ ਗਰਿੱਡ ’ਤੇ ਜ਼ਰੂਰ ਗਏ ਸਨ। ਉਨ੍ਹਾਂ ਉਲਟਾ ਉਕਤ ਮੁਲਾਜ਼ਮ ਗੁਰਮੇਲ ਸਿੰਘ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਵਿਅਕਤੀ ਨਸ਼ੇ ਦਾ ਆਦੀ ਹੈ, ਜਿਸ ਦੀ ਸ਼ਬਦਾਵਲੀ ਅਤਿ ਘਟੀਆ ਦਰਜੇ ਦੀ ਹੈ। ਉਨ੍ਹਾਂ ਕਿਹਾ ਕਿ ਉਕਤ ਮੁਲਾਜ਼ਮ ਵਿਰੋਧੀ ਧਿਰਾਂ ਦੇ ਹੱਥ ਚੜ੍ਹ ਕੇ ਮੈਨੂੰ ਬਦਨਾਮ ਕਰ ਰਿਹਾ ਹੈ ਅਤੇ ਮੇਰੇ ਨਾਲ ਗਏ ਮੇਰੇ ਸਾਥੀ ਸੰਦੀਪ ਸਿੰਘ, ਬਲਾਕ ਸੰਮਤੀ ਮੈਂਬਰ ਅਤੇ ਦੋ ਪੰਚਾਇਤ ਮੈਂਬਰ ਇਸ ਗੱਲ ਦਾ ਗਵਾਹ ਹਨ ਕਿ ਅਸੀਂ ਉਸ ਦੀ ਕੋਈ ਕੁੱਟਮਾਰ ਨਹੀਂ ਕੀਤੀ। ਥਾਣਾ ਸਮਾਲਸਰ ਦੀ ਪੁਲਿਸ ਨੇ ਕਿਹਾ ਕਿ ਸਾਡੇ ਪਾਸ ਅਜਿਹੀ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਪਹੁੰਚੀ।
;
;
;
;
;
;
;
;