ਅਮਿਤ ਸ਼ਾਹ ਨੇ ਖੜਗੇ ਨੂੰ ਲੈ ਕੇ ਰਾਹੁਲ ਗਾਂਧੀ ਤੇ ਵਿੰਨ੍ਹਿਆ ਨਿਸ਼ਾਨਾ
ਉੱਤਰੀ 24 ਪਰਗਨਾ (ਪੱਛਮੀ ਬੰਗਾਲ), 22 ਅਪ੍ਰੈਲ - ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਮਿਤ ਸ਼ਾਹ ਨੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ "ਅੱਤਵਾਦੀ" ਕਹਿਣ ਵਾਲੀਆਂ ਟਿੱਪਣੀਆਂ 'ਤੇ ਤਿੱਖਾ ਹਮਲਾ ਬੋਲਿਆ, ਕਿਹਾ ਕਿ ਰਾਹੁਲ ਗਾਂਧੀ ਨਾਲ ਨੇੜਤਾ ਕਾਰਨ ਖੜਗੇ ਦੀ ਭਾਸ਼ਾ "ਭ੍ਰਿਸ਼ਟ" ਹੋ ਗਈ ਹੈ।
ਉੱਤਰੀ 24 ਪਰਗਨਾ ਦੇ ਦਮਦਮ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ, "ਅੱਤਵਾਦ ਦਾ ਖ਼ਾਤਮਾ ਕਰਨ ਵਾਲੇ ਨਰਿੰਦਰ ਮੋਦੀ ਜੀ ਨੂੰ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅੱਤਵਾਦੀ ਕਹਿ ਰਹੇ ਹਨ। ਰਾਹੁਲ ਬਾਬਾ ਦੇ ਆਲੇ-ਦੁਆਲੇ ਰਹਿਣ ਨਾਲ ਖੜਗੇ ਜੀ ਦੀ ਭਾਸ਼ਾ ਵੀ ਭ੍ਰਿਸ਼ਟ ਹੋਣ ਲੱਗ ਪਈ ਹੈ।"
ਉਨ੍ਹਾਂ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਆਪਣੇ ਹਮਲੇ ਨੂੰ ਹੋਰ ਤੇਜ਼ ਕਰਦੇ ਹੋਏ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਵਾਰ-ਵਾਰ ਆਲੋਚਨਾ ਕਰਨ ਨਾਲ ਵਿਰੋਧੀ ਧਿਰ ਨੂੰ ਕੋਈ ਫਾਇਦਾ ਨਹੀਂ ਹੋਵੇਗਾ।
"ਸੁਣੋ, ਰਾਹੁਲ ਬਾਬਾ... ਤੁਸੀਂ ਮੋਦੀ ਜੀ 'ਤੇ ਜਿੰਨੀਆਂ ਜ਼ਿਆਦਾ ਗਾਲਾਂ ਸੁੱਟੋਗੇ, ਓਨੀ ਹੀ ਜ਼ਿਆਦਾ ਚਿੱਕੜ ਤੁਸੀਂ ਆਪਣੇ ਅਪਮਾਨਾਂ ਨਾਲ ਸੁੱਟੋਗੇ, ਕਮਲ ਹੋਰ ਵੀ ਜ਼ਿਆਦਾ ਮਾਣ ਨਾਲ ਖਿੜੇਗਾ, ਅਤੇ ਅਸੀਂ ਰਾਜ ਵਿਚ ਯੂਸੀਸੀ (ਯੂਨੀਫਾਰਮ ਸਿਵਲ ਕੋਡ) ਲਿਆਵਾਂਗੇ, ਜੋ ਤਿੰਨ ਤਲਾਕ ਨੂੰ ਖ਼ਤਮ ਕਰੇਗਾ ਅਤੇ ਚਾਰ ਵਿਆਹ ਕਰਨ ਦੀ ਵਿਵਸਥਾ ਨੂੰ ਖ਼ਤਮ ਕਰੇਗਾ," ਸ਼ਾਹ ਨੇ ਕਿਹਾ।ਤਾਮਿਲਨਾਡੂ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਕੀਤੀ ਖੜਗੇ ਵਲੋਂ ਕੀਤੀ ਗਈ ਟਿੱਪਣੀ ਨੇ ਸਿਆਸੀ ਭੂਚਾਲ ਮਚਾ ਕੇ ਰੱਖ ਦਿੱਤਾ ਹੈ ।
ਖੜਗੇ ਨੇ ਇਸ ਟਿੱਪਣੀ ਤੇ ਸਪਸ਼ਟੀਕਰਨ ਦਿੱਤਾ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅੱਤਵਾਦੀ ਨਹੀਂ ਕਿਹਾ , ਸਗੋਂ ਉਨ੍ਹਾਂ ਇਹ ਕਿਹਾ ਕਿ ਰਾਜਨੀਤਿਕ ਪ੍ਰਭਾਵ ਨਾਲ ਕੇਂਦਰੀ ਏਜੰਸੀਆਂ ਦੀ ਵਿਰੋਧੀ ਧਿਰ ਦੇ ਨੇਤਾਵਾਂ ਵਿਰੁੱਧ ਦੁਰਵਰਤੋਂ ਕੀਤੀ ਜਾ ਰਹੀ ਹੈ ।
ਭਾਜਪਾ ਨੇ ਇਸ ਤੇ ਤਿੱਖਾ ਵਿਰੋਧ ਜਤਾਇਆ ਹੈ ਅਤੇ ਚੋਣ ਕਮਿਸ਼ਨ ਕੋਲ ਇਸ ਸੰਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਹੈ ।
ਡਮ ਡਮ ਵਿਖੇ ਚੋਣ ਰੈਲੀ ਦੌਰਾਨ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਨੂੰ ਕਿਹਾ , 'ਰਾਹੁਲ ਬਾਬਾ ਤੁਸੀਂ ਤਾਮਿਲਨਾਡੂ ਵਿਚ ਦਹਾਈ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੋਗੇ , ਇੱਥੋਂ ਤੱਕ ਕਿ ਪੁਡੂਚੇਰੀ ਵਿਚ ਵੀ , ਬੰਗਾਲ ਵਿੱਚ ਜੇਕਰ ਤੁਸੀਂ ਖ਼ਾਤਾ ਖੋਲ੍ਹਣ ਵਿਚ ਕਾਮਯਾਬ ਰਹੇ ਤਾਂ ਤੁਸੀਂ ਕਿਸਮਤ ਵਾਲੇ ਹੋਵੋਗੇ ਅਤੇ ਅਸਾਮ ਵਿਚ ਵਿਚ ਕਾਂਗਰਸ ਆਪਣੀ ਸਭ ਤੋਂ ਵੱਡੀ ਹਾਰ ਵੱਲ ਵਧ ਰਹੀ ਹੈ ।'
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲ ਰੁਖ਼ ਕਰਦਿਆਂ ਸ਼ਾਹ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਵਿਕਾਸ ਕਰਨ ਵਿਚ ਨਾਕਾਮ ਸਾਬਿਤ ਹੋਈ ਹੈ । ਉਨ੍ਹਾਂ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਤੇ ਵੀ ਨਿਸ਼ਾਨਾ ਸਾਧਿਆ ।
ਸ਼ਾਹ ਨੇ ਕਿਹਾ , 'ਮਮਤਾ ਬੈਨਰਜੀ ਨੂੰ ਹੁਣ ਬਦਲਣ ਦਾ ਸਮਾਂ ਆ ਗਿਆ ਹੈ । ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਨੂੰ ਗੁੰਡਿਆਂ ਦੇ ਹਵਾਲੇ ਛੱਡ ਦਿੱਤਾ ਹੈ ।'
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਵਿਚ ਇਸ ਸਮੇਂ ਚੋਣਾਂ ਦਾ ਮਾਹੌਲ ਹੈ । ਪਹਿਲੇ ਪੜਾਅ ਤਹਿਤ 23 ਅਪ੍ਰੈਲ ਨੂੰ , ਜਦਕਿ ਦੂਜੇ ਪੜਾਅ ਤਹਿਤ 29 ਅਪ੍ਰੈਲ ਨੂੰ ਵੋਟਾਂ ਪੈਣਗੀਆਂ । ਵੋਟਾਂ ਦੀ ਗਿਣਤੀ ਅਤੇ ਨਤੀਜੇ 4 ਮਈ ਨੂੰ ਹੋਣਗੇ ।
;
;
;
;
;
;
;
;