JALANDHAR WEATHER

ਰਾਣੀ ਐਲਿਜ਼ਾਬੇਥ ਦੇ 100ਵੇਂ ਜਨਮਦਿਨ ‘ਤੇ ਰਾਜਾ ਚਾਰਲਸ ਤੀਜੇ ਵਲੋਂ ਭਾਵੁਕ ਸੰਦੇਸ਼

ਲੰਡਨ, 21 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ) - ਬ੍ਰਿਟੇਨ ਦੇ ਰਾਜਾ ਚਾਰਲਸ ਤੀਜੇ ਨੇ ਆਪਣੀ ਮਾਤਾ ਰਾਣੀ ਐਲਿਜ਼ਾਬੇਥ ਦੂਜੀ ਦੇ 100ਵੇਂ ਜਨਮਦਿਨ ਮੌਕੇ ਜਾਰੀ ਕੀਤੇ ਸੰਦੇਸ਼ ਵਿਚ ਉਨ੍ਹਾਂ ਦੀ ਜਨਸੇਵਾ, ਅਟੱਲ ਨਿਭਾਅ ਅਤੇ ਲੋਕਾਂ ਪ੍ਰਤੀ ਸਮਰਪਣ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਦੀ ਹਾਲਤ ਦੇਖ ਕੇ ਰਾਣੀ ਗਹਿਰਾਈ ਨਾਲ ਚਿੰਤਤ ਹੋ ਸਕਦੇ ਸਨ। ਉਨ੍ਹਾਂ ਕਿਹਾ ਕਿ ਬਦਲਦੇ ਦੌਰਾਂ ਦੇ ਬਾਵਜੂਦ ਰਾਣੀ ਹਰ ਵੇਲੇ ਮਜ਼ਬੂਤੀ ਨਾਲ ਆਪਣੇ ਫਰਜ਼ ‘ਤੇ ਕਾਇਮ ਰਹੇ।
ਰਾਜਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਰਾਣੀ ਨੇ ਆਪਣੇ ਜੀਵਨ ਦੌਰਾਨ ਕਈ ਵੱਡੇ ਬਦਲਾਅ ਦੇਖੇ, ਪਰ ਉਹ ਹਮੇਸ਼ਾਂ ਲੋਕਾਂ ਦੀ ਸੇਵਾ ਲਈ ਸਮਰਪਿਤ ਰਹੇ। ਉਨ੍ਹਾਂ ਕਿਹਾ ਕਿ ਰਾਣੀ ਦੀ ਸਥਿਰਤਾ, ਸਹਿਨਸ਼ੀਲਤਾ ਅਤੇ ਲੋਕਾਂ ਨਾਲ ਜੁੜਾਅ ਉਨ੍ਹਾਂ ਦੀ ਸਭ ਤੋਂ ਵੱਡੀ ਖੂਬੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਣੀ ਲੋਕਾਂ ਨਾਲ ਛੋਟੀਆਂ ਮੁਲਾਕਾਤਾਂ, ਇਕ ਮੁਸਕਰਾਹਟ ਜਾਂ ਮਿੱਠੇ ਬੋਲ ਰਾਹੀਂ ਲੋਕਾਂ ਦੇ ਦਿਲਾਂ ‘ਚ ਖਾਸ ਥਾਂ ਬਣਾ ਲੈਦੇ ਸਨ।
ਇਸ ਮੌਕੇ ਰਾਜਧਾਨੀ ਦੇ ਸੇਂਟ ਜੇਮਜ਼ ਬਾਗ਼ ਵਿਚ ਬਣਾਏ ਜਾਣ ਵਾਲੇ ਵਿਸ਼ਾਲ ਸਮਾਰਕ ਦਾ ਅੰਤਿਮ ਰੂਪ ਵੀ ਤਿਆਰ ਕਰ ਲਿਆ ਗਿਆ ਹੈ। ਇਸ ਸਮਾਰਕ ਵਿਚ ਰਾਣੀ ਦੀ ਜਵਾਨੀ ਦੇ ਦੌਰ ਦੀ ਕਾਂਸੀ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ, ਜੋ ਉਨ੍ਹਾਂ ਦੇ ਜਨਸੇਵਾ ਵਾਲੇ ਰੂਪ ਨੂੰ ਦਰਸਾਏਗੀ। ਮੂਰਤੀ ਲਗਭਗ ਤਿੰਨ ਮੀਟਰ ਉੱਚੀ ਹੋਵੇਗੀ ਅਤੇ ਇਸਨੂੰ ਉੱਚੇ ਚਬੂਤਰੇ ‘ਤੇ ਲਗਾਇਆ ਜਾਵੇਗਾ। ਇਸ ਦੀ ਪ੍ਰੇਰਣਾ ਰਾਣੀ ਦੇ ਪੁਰਾਣੇ ਚਿੱਤਰ ਤੋਂ ਲਈ ਗਈ ਹੈ, ਜਿਸ ਵਿਚ ਉਹ ਸ਼ਾਹੀ ਪਹਿਰਾਵੇ ਵਿਚ ਨਜ਼ਰ ਆਉਂਦੇ ਹਨ।
ਸਮਾਰਕ ਯੋਜਨਾ ਵਿਚ ਰਾਣੀ ਦੇ ਜੀਵਨ ਦੇ ਬਾਅਦਲੇ ਸਮੇਂ ਨੂੰ ਦਰਸਾਉਂਦੀ ਇਕ ਅੱਧੀ ਮੂਰਤੀ ਅਤੇ ਉਨ੍ਹਾਂ ਦੇ ਪਤੀ ਪ੍ਰਿੰਸ ਫਿਲਿਪ ਦੀ ਕਾਂਸੀ ਦੀ ਮੂਰਤੀ ਵੀ ਸ਼ਾਮਲ ਹੋਵੇਗੀ। ਇਸਦੇ ਨਾਲ ਹੀ ਬਾਗ਼ ਵਿਚ ਇਕ ਨਵਾਂ ਪੁਲ ਤਿਆਰ ਕੀਤਾ ਜਾਵੇਗਾ, ਜਿਸਦੀ ਬਣਾਵਟ ਰਾਣੀ ਦੇ ਤਾਜ ਤੋਂ ਪ੍ਰੇਰਿਤ ਹੋਵੇਗੀ ਅਤੇ ਇਸ ‘ਚ ਕੱਚ ਦੀ ਸੁਰੱਖਿਆ ਕੰਧ ਵੀ ਲਗਾਈ ਜਾਵੇਗੀ।
ਸੂਤਰਾਂ ਮੁਤਾਬਕ ਇਹ ਸਮਾਰਕ ਅਗਲੇ ਦੋ ਸਾਲਾਂ ਵਿਚ ਤਿਆਰ ਹੋ ਜਾਵੇਗਾ ਅਤੇ ਇਹ ਰਾਜ ਮਹਲ ਦੇ ਨੇੜੇ ਇਕ ਮਹੱਤਵਪੂਰਨ ਯਾਦਗਾਰ ਵਜੋਂ ਸਥਾਪਿਤ ਹੋਵੇਗਾ। ਇਸ ਦੇ ਨਾਲ ਹੀ ਇਕ ਵਿਸ਼ੇਸ਼ ਯੋਜਨਾ ਅਧੀਨ ਲੋਕਾਂ ਨੂੰ ਮੌਕਾ ਦਿੱਤਾ ਜਾਵੇਗਾ ਕਿ ਉਹ ਰਾਣੀ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕਰਨ, ਜਿਨ੍ਹਾਂ ਨੂੰ ਇਕ ਇਤਿਹਾਸਕ ਰਿਕਾਰਡ ਵਜੋਂ ਸੰਭਾਲਿਆ ਜਾਵੇਗਾ।
ਇਸ ਮੌਕੇ ਦੇਸ਼ ਭਰ ਵਿਚ ਇਕ ਨਵੀਂ ਭਲਾਈ ਯੋਜਨਾ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਰਾਹੀਂ ਸਥਾਨਕ ਪੱਧਰ ‘ਤੇ ਲੋਕਾਂ ਨੂੰ ਇਕੱਠਾ ਕਰਨ ਅਤੇ ਸਮਾਜਿਕ ਕੰਮਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਹ ਯੋਜਨਾ ਰਾਣੀ ਦੀ ਜਨਸੇਵਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।
ਰਾਜਾ ਚਾਰਲਸ ਨੇ ਆਪਣੇ ਸੰਦੇਸ਼ ਦੇ ਅੰਤ ਵਿਚ ਕਿਹਾ ਕਿ ਰਾਣੀ ਹਮੇਸ਼ਾਂ ਆਸ ਅਤੇ ਚੰਗਿਆਈ ‘ਤੇ ਵਿਸ਼ਵਾਸ ਕਰਦੇ ਸਨ ਅਤੇ ਉਹ ਮੰਨਦੇ ਸਨ ਕਿ ਚੰਗਿਆਈ ਅਖੀਰਕਾਰ ਜਿੱਤਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਨੂੰ ਸ਼ਾਂਤੀ, ਨਿਆਂ, ਖੁਸ਼ਹਾਲੀ ਅਤੇ ਸੁਰੱਖਿਆ ਦੇ ਅਧਾਰ ‘ਤੇ ਮਜ਼ਬੂਤ ਬਣਾਉਣ ਲਈ ਇਕੱਠੇ ਕੰਮ ਕਰਨ।
ਰਾਣੀ ਐਲਿਜ਼ਾਬੇਥ ਦੂਜੀ ਦਾ ਜਨਮ 21 ਅਪ੍ਰੈਲ 1926 ਨੂੰ ਲੰਡਨ ਵਿਚ ਹੋਇਆ ਸੀ,ਅਤੇ ਉਹ ਦੇਸ਼ ਦੀ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਰਹੇ। ਉਨ੍ਹਾਂ ਦੀ ਯਾਦ ਵਿਚ ਬਣਾਇਆ ਜਾ ਰਿਹਾ ਇਹ ਸਮਾਰਕ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਅਤੇ ਇਤਿਹਾਸਕ ਧਰੋਹਰ ਵਜੋਂ ਜਾਣਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ