ਇਨਸਾਫ ਲੈਣ ਲਈ ਪਿਛਲੇ 30 ਘੰਟਿਆਂ ਤੋਂ ਟਾਵਰ ’ਤੇ ਚੜ੍ਹੇ ਪਿਓ-ਪੁੱਤ
ਘੁਮਾਣ, 9 ਅਪ੍ਰੈਲ (ਬਮਰਾਹ)- ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਕਸਬਾ ਘੁਮਾਣ ਵਿਖੇ ਘੁਮਾਣ ਤੋਂ ਸ੍ਰੀ ਹਰਗੋਬਿੰਦਪੁਰ ਰੋਡ ਨੇੜੇ ਦਾਣਾ ਮੰਡੀ ਦੇ ਨਜ਼ਦੀਕ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੇ ਟਾਵਰ ’ਤੇ ਪਿਓ-ਪੁਤ ਨੂੰ ਇਨਸਾਫ ਲੈਣ ਲਈ ਚੜ੍ਹਿਆਂ ਹੋਇਆਂ ਨੂੰ 30 ਘੰਟੇ ਬੀਤ ਚੁੱਕੇ ਹਨ। ਪੁਲਿਸ ਤੇ ਕਿਸਾਨ ਯੂਨੀਅਨ ਦੇ ਦਬਾਅ ਕਾਰਨ ਭਾਵੇਂ ਨਾਜਾਇਜ਼ ਤੌਰ ’ਤੇ ਪੁਲਿਸ ਵਲੋਂ ਚੁੱਕੇ ਗਏ ਨੌਜਵਾਨ ਨੂੰ ਪੁਲਿਸ ਨੇ ਛੱਡ ਦਿੱਤਾ ਪਰ ਟਾਵਰ ’ਤੇ ਚੜ੍ਹੇ ਪਿਓ- ਪੁੱਤ ਨੇ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਿੰਨਾ ਚਿਰ ਤੱਕ ਸਾਡੇ ’ਤੇ ਦਰਜ ਕੀਤਾ 26 ਦਾ ਝੂਠਾ ਮੁਕੱਦਮਾ ਰੱਦ ਨਹੀਂ ਹੁੰਦਾ, ਕਤਲ ਕਰਨ ਵਾਲੇ ਦੋਸ਼ੀਆਂ ਦੀਆਂ ਜ਼ਮਾਨਤਾਂ ਰੱਦ ਨਹੀਂ ਹੁੰਦੀਆਂ ਅਤੇ ਕੋਟ ਵਿਚ ਤਰੀਕ ਭੁਗਤਣ ਮੌਕੇ ਪੁਲਿਸ ਵਲੋਂ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਜਾਂਦੀ, ਓਨਾ ਚਿਰ ਤੱਕ ਆਪਣੀਆਂ ਮੰਗਾਂ ’ਤੇ ਕਾਇਮ ਰਹਿਣਗੇ ਤੇ ਟਾਵਰ ’ਤੇ ਚੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸੁਣਵਾਈ ਨਾ ਕੀਤੀ ਗਈ ਤਾਂ ਟਾਵਰ ਤੋਂ ਹੇਠਾਂ ਆਉਣ ਦੀ ਬਜਾਏ ਉਹ ਹੋਰ ਉੱਪਰ ਚੜ੍ਹਨਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਪੁਲਿਸ-ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਪਹੁੰਚੇ ਡੀਐਸਪੀ ਹੈਡ ਕੁਆਰਟਰ ਟੀਪੀ ਸਿੰਘ ਨੇ ਦੱਸਿਆ ਕਿ ਟਾਵਰ ’ਤੇ ਚੜੇ੍ਹ ਹਰਦੇਵ ਸਿੰਘ ਜਾਂ ਉਸ ਦੇ ਪਰਿਵਾਰਕ ਮੈਂਬਰ ਇਨਕੁਆਇਰੀ ਲਈ ਲਿਖਤੀ ਦਰਖਾਸਤ ਦੇਣ ਤਾਂ ਹੀ ਇਨਕੁਆਰੀ ਸੰਭਵ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੱਦ ’ਤੇ ਅੜੇ ਹੋਏ ਹਨ । ਇਹ ਸਾਰਾ ਮਸਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਹੈ।
;
;
;
;
;
;
;
;
;