JALANDHAR WEATHER

ਵਿਸਾਖੀ ਮੌਕੇ ਪਾਕਿਸਤਾਨ ਜਾਣ ਲਈ ਜਾਰੀ ਕੀਤੇ 2800 ਤੋਂ ਵੱਧ ਵੀਜ਼ੇ- ਪਾਕਿਸਤਾਨੀ ਹਾਈ ਕਮਿਸ਼ਨ

ਨਵੀਂ ਦਿੱਲੀ, ਅਟਾਰੀ ਸਰਹੱਦ, (ਅੰਮ੍ਰਿਤਸਰ)- 7 ਅਪ੍ਰੈਲ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ) - ਭਾਰਤ ਵਿਚ ਪਾਕਿਸਤਾਨੀ ਹਾਈ ਕਮਿਸ਼ਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸਾਖੀ ਦੇ ਜਸ਼ਨਾਂ ਦੇ ਮੌਕੇ 'ਤੇ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੇ 10 ਤੋਂ19 ਅਪ੍ਰੈਲ 2026 ਤੱਕ ਪਾਕਿਸਤਾਨ ਵਿਚ ਹੋਣ ਵਾਲੇ ਸਾਲਾਨਾ ਸਮਾਗਮਾਂ ਵਿਚ ਹਿੱਸਾ ਲੈਣ ਲਈ ਭਾਰਤ ਤੋਂ ਸ਼ਰਧਾਲੂਆਂ ਨੂੰ 2800 ਤੋਂ ਵੱਧ ਵੀਜ਼ੇ ਜਾਰੀ ਕੀਤੇ ਹਨ। ਇਸ ਦੌਰਾਨ ਸ਼ਰਧਾਲੂ ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ।

ਖਾਲਸੇ ਦਾ ਸਾਜਨਾ ਦਿਵਸ, ਵਿਸਾਖੀ ਦਾ ਦਿਹਾੜਾ ਮਨਾਉਣ ਲਈ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ 2840 ਮੈਂਬਰਾਂ ਦੇ ਜਥੇ ਨੂੰ ਪਾਕਿਸਤਾਨ ਜਾਣ ਲਈ 10 ਅਪ੍ਰੈਲ ਤੋਂ 19 ਅਪ੍ਰੈਲ ਤੱਕ ਦੀ ਮਨਜ਼ੂਰੀ ਭਾਰਤ ਪਾਕਿਸਤਾਨ ਸਰਕਾਰਾਂ ਵਲੋਂ ਦਿੱਤੀ ਗਈ ਹੈ। ਭਾਰਤੀ ਸਿੱਖ ਸ਼ਰਧਾਲੂ 10 ਅਪ੍ਰੈਲ ਨੂੰ ਸਵੇਰੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਲਈ ਜਥਾ ਦੇ ਰੂਪ ਵਿਚ ਰਵਾਨਾ ਹੋਣਗੇ। ਭਾਰਤ ਸਥਿਤ ਪਾਕਿਸਤਾਨੀ ਦੂਤ ਘਰ ਦਿੱਲੀ ਵਲੋਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਤੋਂ ਇਲਾਵਾ ਹੋਰਨਾਂ ਰਾਜਾਂ ਦੀਆਂ ਸਿੱਖ ਸੰਗਤਾਂ ਨੂੰ ਪਾਕਿਸਤਾਨ ਜਾਣ ਲਈ ਵੀਜ਼ੇ ਦਿੱਤੇ ਗਏ ਹਨ, ਜਿਨ੍ਹਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥਾ ਲੀਡਰ ਜਥੇਦਾਰ ਮਗਵਿੰਦਰ ਸਿੰਘ ਖਪੜਖੇੜੀ, ਸੁਰਜੀਤ ਸਿੰਘ ਤੁਗਲਵਾਲ ਅਤੇ ਅਮਰਜੀਤ ਸਿੰਘ ਭਲਾਈਪੁਰ, ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਅਗਵਾਈ ਕਰਨਗੇ। ਦਿੱਲੀ ਸਥਿਤ ਪਾਕਿਸਤਾਨੀ ਦੂਤਘਰ ਵਲੋਂ ਸ਼੍ਰੋਮਣੀ ਕਮੇਟੀ ਦੇ 1795 ਸ਼ਰਧਾਲੂਆਂ ਵਿਚੋਂ 32 ਵੀਜ਼ੇ ਕੱਟ ਕੇ 1773 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਮੁਹੱਈਆ ਕਰਵਾਏ ਗਏ ਹਨ। ਇਸ ਤਰ੍ਹਾਂ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹਾਦਰ ਸਿੰਘ ਦੀ ਅਗਵਾਈ ਵਾਲੇ ਜਥੇ ਨੂੰ 275 ਵਿਚੋਂ 20 ਵੀਜ਼ੇ ਕੱਟੇ ਕੇ 255 ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥਾ ਲੀਡਰ ਹਰਜੀਤ ਸਿੰਘ ਪੱਪੀ ਨੂੰ 409 ਵੀਜ਼ੇ ਮਿਲੇ ਹਨ। ਇਸ ਤੋਂ ਇਲਾਵਾ ਜੰਮੂ ਨੂੰ 176, ਯੂ.ਪੀ. ਨੂੰ 78, ਉੱਤਰਾਖੰਡ ਨੂੰ 35 ਤੇ ਅਕਾਲੀ ਦਲ ਅੰਮ੍ਰਿਤਸਰ ਦੇ ਪਰਮਜੀਤ ਸਿੰਘ ਨੂੰ 114 ਵੀਜ਼ੇ ਦਿੱਤੇ ਗਏ ਹਨ। ਕੁੱਲ ਭਾਰਤੀ ਸਿੱਖ ਸ਼ਰਧਾਲੂਆਂ ਨੂੰ 2840 ਵੀਜ਼ੇ ਪਾਕਿਸਤਾਨ ਸਰਕਾਰ ਵਲੋਂ ਦਿੱਤੇ ਗਏ ਹਨ। ਇਥੇ ਦੱਸਣਯੋਗ ਹੈ ਕਿ ਪਾਕਿਸਤਾਨ ਸਰਕਾਰ ਵਲੋਂ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਿਲ ਹੋ ਕੇ ਜਾਣ ਵਾਲੇ ਭਾਰਤੀ ਹਿੰਦੂਆਂ ਦੇ ਜ਼ਿਆਦਾਤਰ ਨਾਮ ਕੱਟੇ ਗਏ ਹਨ I

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ