ਸਿਟੀ ਹਾਂਡਾ ਕਾਰ ਸਵਾਰਾਂ ਨੇ ਸਰਕਾਰੀ ਬੱਸ 'ਚ ਕੀਤੀ ਲੁੱਟਖੋਹ
ਡਡਵਿੰਡੀ (ਸੁਲਤਾਨਪੁਰ ਲੋਧੀ), 3 ਅਪ੍ਰੈਲ (ਦਿਲਬਾਗ ਸਿੰਘ ਝੰਡ)- ਇਲਾਕੇ ਅੰਦਰ ਲਗਾਤਾਰ ਹੋ ਰਹੀਆਂ ਲੁੱਟਖੋਹ ਦੀਆਂ ਵਾਰਦਾਤਾਂ ’ਚ ਉਸ ਵੇਲੇ ਹੋਰ ਵੱਡਾ ਵਾਧਾ ਹੋ ਗਿਆ, ਜਦੋਂ ਅੱਜ ਦਿਨ-ਦਿਹਾੜੇ ਮੋਠਾਂਵਾਲਾ ਨੇੜੇ ਮਿੰਨੀ ਸਰਕਾਰੀ ਪਨਬਸ ਨੂੰ ਰੋਕ ਕੇ ਕੰਡਕਟਰ ਪਾਸੋਂ ਦਾਤਰ ਦੀ ਨੋਕ 'ਤੇ ਨਕਦੀ ਖੋਹ ਕੇ ਲੁਟੇਰੇ ਫ਼ਰਾਰ ਹੋ ਗਏ।
ਆਪਣੇ ਨਾਲ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਮਿੰਨੀ ਸਰਕਾਰੀ ਪਨਬਸ ਦੇ ਡਰਾਈਵਰ ਪਵਿੱਤਰ ਸਿੰਘ ਤੇ ਕੰਡਕਟਰ ਮਲਕੀਤ ਰਾਜ ਨੇ ਦੱਸਿਆ ਕਿ ਉਹ ਜਲੰਧਰ ਡੀਪੂ-2 ਦੀ ਸਰਕਾਰੀ ਮਿੰਨੀ ਬੱਸ ਨੰਬਰ ਪੀਬੀ 08 ਡੀਜੀ 5859 ਸਵਾਰੀਆਂ ਸਮੇਤ ਲੈ ਕੇ ਜਲੰਧਰ ਤੋਂ ਸੁਲਤਾਨਪੁਰ ਲੋਧੀ ਆ ਰਹੇ ਸਨ ਕਿ ਜਿਉਂ ਹੀ ਉਹ ਕੁਲਾਰਾਂ ਤੋਂ ਮੋਠਾਂਵਾਲ ਦੇ ਵਿਚਕਾਰ ਪੁੱਜੇ ਤਾਂ ਪਿੱਛਿਓਂ ਆ ਰਹੀ ਇਕ ਪੁਰਾਣੀ ਸਿਟੀ ਹਾਂਡਾ ਕਾਰ ਵਿਚ ਸਵਾਰ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਨ੍ਹਾਂ ਦੱਸਿਆ ਕਿ ਸਵਾਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਬੱਸ ਨੂੰ ਅਣਪਛਾਤੀ ਜਗ੍ਹਾ 'ਤੇ ਰੋਕਣਾ ਮੁਨਾਸਬ ਨਾ ਸਮਝਿਆ, ਇਸ ਲਈ ਉਹ ਬੱਸ ਨੂੰ ਲਗਾਤਾਰ ਅੱਗੇ ਵਧਾਉਂਦੇ ਰਹੇ। ਉਨਾਂ ਕਿਹਾ ਕਿ ਲੁਟੇਰਿਆਂ ਨੇ ਕਾਰ ਅੱਗੇ ਕੱਢ ਕੇ ਸੜਕ ਦੇ ਵਿਚਕਾਰ ਲਗਾ ਦਿੱਤੀ ਅਤੇ ਦਾਤਰ ਲੈ ਕੇ ਬੱਸ ’ਚ ਚੜ੍ਹ ਗਏ ਅਤੇ ਪੈਸਿਆਂ ਦੀ ਮੰਗ ਕਰਨ ਲੱਗੇ। ਉਨ੍ਹਾਂ ਕਿਹਾ ਕਿ ਲੁਟੇਰੇ ਬੱਸ ਦੇ ਬੋਨਟ ਉਤੇ ਦਾਤਰਾਂ ਦੇ ਵਾਰ ਕਰਕੇ ਝੋਲੇ ’ਚੋਂ ਕਰੀਬ 900 ਰੁਪਏ ਨਕਦੀ ਕੱਢ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਮੋਠਾਂਵਾਲ ਚੌਕੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;