JALANDHAR WEATHER

ਵੁਸ਼ੂ ਖੇਡ 'ਚ ਰੂਸ 'ਚ ਦੇਸ਼ ਦੀ ਨੁਮਾਇੰਦਗੀ ਕਰੇਗੀ ਜਸ਼ਨਪ੍ਰੀਤ ਕੌਰ

ਸੀਂਗੋ ਮੰਡੀ, 30 ਮਾਰਚ (ਲਕਵਿੰਦਰ ਸ਼ਰਮਾ)– ਪਿੰਡ ਲਹਿਰੀ ਦੀ ਹੋਣਹਾਰ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਵੁਸ਼ੂ ਖੇਡ 'ਚ ਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਪਦਕ ਹਾਸਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ, ਜਿਸ ਉਤੇ ਪਿੰਡ ਦੇ ਮੋਹਤਬਰਾਂ ਨੇ ਉਸਦਾ ਸਨਮਾਨ ਕੀਤਾ ਹੈ। ਹੁਣ ਉਹ ਅੰਤਰਰਾਸ਼ਟਰੀ ਪੱਧਰ ‘ਤੇ ਰੂਸ ਵਿਚ ਖੇਡਣ ਲਈ ਚੁਣੀ ਗਈ ਹੈ, ਜੋ ਕਿ ਪਿੰਡ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਜਸ਼ਨਪ੍ਰੀਤ ਕੌਰ ਦੀ ਇਸ ਵੱਡੀ ਉਪਲੱਬਧੀ ਨੂੰ ਦੇਖਦੇ ਹੋਏ ਪਿੰਡ ਦੇ ਸਮਾਜ ਸੇਵੀਆਂ' ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਜਸਪਾਲ ਸਿੰਘ ਨੰਬਰਦਾਰ ਵਲੋਂ 50 ਹਜ਼ਾਰ ਰੁਪਏ ਦੀ ਰਾਸ਼ੀ , ਸਰਪੰਚ ਹਰਮੰਦਰ ਸਿੰਘ ਬਰਾੜ ਨੇ 11 ਹਜ਼ਾਰ ਰੁਪਏ, ਸਤਿੰਦਰ ਸਿੰਘ ਐਚ.ਆਰ. ਪੈਨਕਾਰਬੋ ਗਰੀਨਫਿਊਲ ਪ੍ਰਾਈਵੇਟ ਲਿਮਿਟਡ, ਲਹਿਰੀ ਵਲੋਂ 1100 ਰੁਪਏ, ਭੋਲਾ ਸਿੰਘ ਨੰਗਲਾ ਅਤੇ ਹਰਜੀਤ ਸਿੰਘ ਪੁੱਤਰ ਬਿੱਕਰ ਸਿੰਘ ਲਹਿਰੀ ਵਲੋਂ 1000-1000 ਰੁਪਏ ਦੀ ਰਾਸ਼ੀ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ।

ਇਸ ਮੌਕੇ ਸਾਰੇ ਮੌਜੂਦ ਮੋਹਤਬਰਾਂ ਵਲੋਂ ਕਾਮਨਾ ਕੀਤੀ ਗਈ ਕਿ ਜਸ਼ਨਪ੍ਰੀਤ ਕੌਰ ਰੂਸ ਵਿਚ ਹੋਣ ਵਾਲੇ ਮੁਕਾਬਲਿਆਂ ਵਿਚ ਭਾਗ ਲੈ ਕੇ ਭਾਰਤ ਦਾ ਨਾਮ ਹੋਰ ਉੱਚਾ ਕਰੇਗੀ। ਸਕੂਲ ਪ੍ਰਿੰਸ: ਲਖਵਿੰਦਰ ਸਿੰਘ ਸਿੱਧੂ ਨੇ ਜਿੱਥੇ ਸਨਮਾਨ ਕਰਨ ਵਾਲੇ ਸਾਰੇ ਮੋਹਤਬਰਾਂ ਦਾ ਧੰਨਵਾਦ ਕੀਤਾ, ਉੱਥੇ ਇਹ ਵੀ ਉਮੀਦ ਜਤਾਈ ਕਿ ਜਸ਼ਨਪ੍ਰੀਤ ਕੌਰ ਆਪਣੀ ਮਿਹਨਤ ਅਤੇ ਲਗਨ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਵੀ ਕਾਮਯਾਬੀ ਹਾਸਲ ਕਰੇਗੀ। ਸਕੂਲ ਪ੍ਰਬੰਧਕੀ ਕਮੇਟੀ ਪ੍ਰਧਾਨ ਜਸਵਿੰਦਰ ਕੌਰ ਸਿੱਧੂ ਅਤੇ ਸਕੱਤਰ ਪਰਮਜੀਤ ਕੌਰ ਸੇਖੋਂ ਨੇ ਵੀ ਜਸ਼ਨਪ੍ਰੀਤ ਕੌਰ ਨੂੰ ਵਧਾਈ ਦਿੱਤੀ ਅਤੇ ਮੋਹਤਬਰ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਦੌਰਾਨ ਸਰਪੰਚ ਹਰਮੰਦਰ ਸਿੰਘ ਬਰਾੜ, ਅੰਗਰੇਜ਼ ਸਿੰਘ ਗਾਂਧੀ ਅਤੇ ਭੋਲਾ ਸਿੰਘ ਨੰਗਲਾ ਸਮੇਤ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ