JALANDHAR WEATHER

ਡਿਜ਼ੀਟਲ ਅਰੇਸਟ ਦਾ ਡਰ ਦਿਖਾ ਕੇ 2.07 ਕਰੋੜ ਦੀ ਠੱਗੀ, ਸੀ.ਬੀ.ਆਈ. ਚੰਡੀਗੜ੍ਹ ਵਲੋਂ ਮਾਮਲਾ ਦਰਜ

ਚੰਡੀਗੜ੍ਹ, 26 ਮਾਰਚ (ਕਪਿਲ ਵਧਵਾ)- ਡਿਜ਼ੀਟਲ ਅਰੇਸਟ ਦਾ ਡਰ ਦਿਖਾ ਕੇ ਇਕ ਵਿਅਕਤੀ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਸੀ.ਬੀ.ਆਈ. ਚੰਡੀਗੜ੍ਹ ਨੇ ਅਣ-ਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਨਿਊ ਕਲਗੀਧਰ ਐਵਨਿਊ ਦੇ ਰਹਿਣ ਵਾਲੇ ਸੁਖਮੰਦਰ ਸਿੰਘ (ਸੇਵਾਮੁਕਤ ਮੁੱਖ ਇੰਜੀਨੀਅਰ ਪੀ. ਐਸ. ਪੀ. ਸੀ. ਐਲ) ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ 2025 ਦੌਰਾਨ ਅਣ-ਪਛਾਤੇ ਠੱਗਾਂ ਵਲੋਂ ਨਿਸ਼ਾਨਾ ਬਣਾਇਆ ਗਿਆ। ਠੱਗਾਂ ਨੇ ਉਸ ਨੂੰ ਡਿਜੀਟਲ ਅਰੇਸਟ ਦਾ ਡਰ ਦਿਖਾ ਕੇ ਵੱਖ-ਵੱਖ ਖਾਤਿਆਂ ਵਿਚ ਵੱਡੀ ਰਕਮ ਟਰਾਂਸਫਰ ਕਰਵਾ ਲਈ। ਇਸ ਸੰਬੰਧੀ ਦਰਜ ਕੀਤੀ ਗਈ ਜਾਣਕਾਰੀ ਮੁਤਾਬਕ ਠੱਗੀ ਦੀ ਇਹ ਘਟਨਾ 9 ਮਈ 2025 ਤੋਂ 12 ਜੂਨ 2025 ਦੇ ਦਰਮਿਆਨ ਵਾਪਰੀ।

ਸ਼ਿਕਾਇਤਕਰਤਾ ਵਲੋਂ ਪਹਿਲਾਂ ਸਾਇਬਰ ਕ੍ਰਾਈਮ ਪੁਲਿਸ ਥਾਣਾ ਜਲੰਧਰ ਸਿਟੀ ਵਿਚ ਐੱਫ.ਆਈ.ਆਰ. ਦਰਜ ਕਰਵਾਈ ਗਈ ਸੀ। ਬਾਅਦ ਵਿਚ ਉਨ੍ਹਾਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ, ਜਿਸ ’ਤੇ ਅਦਾਲਤ ਨੇ 17 ਮਾਰਚ 2026 ਦੇ ਹੁਕਮਾਂ ਰਾਹੀਂ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੇ ਹੁਕਮ ਜਾਰੀ ਕੀਤੇ।

ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੀ.ਬੀ.ਆਈ. ਦੇ ਐੱਸ.ਸੀ.ਬੀ. ਚੰਡੀਗੜ੍ਹ ਵਲੋਂ 25 ਮਾਰਚ ਨੂੰ ਨਵਾਂ ਕੇਸ ਰਜਿਸਟਰ ਕਰ ਲਿਆ ਗਿਆ ਹੈ। ਮਾਮਲਾ ਭਾਰਤੀ ਨਿਆਂ ਸੰਹਿਤਾ ਦੀ ਧਾਰਾ 318(4) ਅਤੇ ਆਈ.ਟੀ. ਐਕਟ ਦੀ ਧਾਰਾ 66(ਡ) ਤਹਿਤ ਦਰਜ ਕੀਤਾ ਗਿਆ ਹੈ ਅਤੇ ਜਾਂਚ ਦੀ ਜ਼ਿੰਮੇਵਾਰੀ ਸੀ.ਬੀ.ਆਈ. ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ। ਸੀ.ਬੀ.ਆਈ. ਵਲੋਂ ਹੁਣ ਇਸ ਪੂਰੇ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ