ਸਵਾ ਮਹੀਨੇ ਤੋਂ ਗਾਇਬ ਨੌਜਵਾਨ ਬੰਧੂਆਂ ਮਜ਼ਦੂਰੀ ਤੋਂ ਭੱਜ ਕੇ ਘਰ ਆਇਆ
ਪਠਾਨਕੋਟ 18 ਮਾਰਚ (ਵਿਨੋਦ)- ਸਵਾ ਮਹੀਨੇ ਤੋਂ ਗਾਇਬ ਹੋਇਆ ਨੌਜਵਾਨ ਬੰਧੂਆ ਮਜ਼ਦੂਰ ਬਣਾ ਲਿਆ ਗਿਆ ਤੇ ਮਸਾਂ ਹੀ ਭੱਜ ਕੇ ਘਰ ਆਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਠਾਨਕੋਟ ਦੇ ਪਿੰਡ ਅਨੇਡ ਦੇ ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ 10 ਫਰਵਰੀ ਨੂੰ ਮੁਕੇਰੀਆਂ ਵਿਖੇ ਮੋਟਰਸਾਈਕਲ ’ਤੇ ਮੇਲਾ ਦੇਖਣ ਗਿਆ ਤੇ ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਮੋਟਰਸਾਈਕਲ ਗਾਇਬ ਸੀ। ਉਸ ਨੇ ਕਾਫ਼ੀ ਪੁੱਛਿਆ ਪਰ ਉਸ ਨੂੰ ਮੋਟਰਸਾਈਕਲ ਨਹੀਂ ਮਿਲਿਆ, ਜਦੋਂ ਉਹ ਬਾਹਰ ਸੜਕ ’ਤੇ ਆਇਆ ਤਾਂ ਇਕ ਸਵਿਫਟ ਕਾਰ ਆਈ ਤਾਂ ਉਸ ਨੇ ਆਪਣੇ ਮੋਟਰਸਾਈਕਲ ਬਾਰੇ ਦੱਸਿਆ, ਸਵਿਫਟ ਕਾਰ ਵਿਚ ਸਵਾਰ ਉਸ ਨੂੰ ਇਹ ਕਹਿ ਕੇ ਲੈ ਗਏ ਕਿ ਤੈਨੂੰ ਥਾਣੇ ਜਾ ਕੇ ਸ਼ਿਕਾਇਤ ਕਰਵਾਉਣੇ ਆ, ਪਰ ਉਹ ਉਸ ਨੂੰ ਆਪਣੇ ਨਾਲ ਜਲੰਧਰ ਵਾਲੀ ਸਾਈਡ ਇਕ ਘਰ ’ਚ ਲੈ ਗਏ ਅਤੇ ਉਸ ਨੂੰ ਬੰਧੂਆ ਮਜ਼ਦੂਰ ਦੀ ਤਰ੍ਹਾਂ ਕੰਮ ਕਰਵਾਉਣ ਲੱਗ ਪਏ। ਉਸ ਨੇ ਦੱਸਿਆ ਕਿ ਉਥੇ ਹੋਰ ਵੀ ਲੋਕ ਸਨ ਜੋ ਕੰਮ ਕਰਦੇ ਸੀ, ਸਾਰਾ ਦਿਨ ਉਸ ਕੋਲੋਂ ਕੰਮ ਕਰਵਾਉਂਦੇ ਤੇ ਇਕ ਟਾਈਮ ਉਸ ਨੂੰ ਰੋਟੀ ਦਿੰਦੇ ਸੀ। ਉਸਨੇ ਦੱਸਿਆ ਕਿ ਉਸਨੇ ਕਈ ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕੁੱਤੇ ਰੱਖੇ ਹੋਏ ਸੀ। ਉਸ ਨੇ ਦੱਸਿਆ ਕਿ ਸਵਾ ਮਹੀਨੇ ਬਾਅਦ ਉਹ ਭੱਜਣ ਵਿਚ ਕਾਮਯਾਬ ਹੋ ਗਿਆ ਅਤੇ ਇਸ ਦੌਰਾਨ ਕੁੱਤਿਆਂ ਵਲੋਂ ਵੀ ਉਸ ਨੂੰ ਵੱਢਿਆ ਗਿਆ। ਉਹ ਜਲੰਧਰ ਰੋਡ ਦੇ ਨਕੋਦਰ ਚੌਂਕ ਵਿਚ ਪੁੱਜਿਆ, ਜਿਥੇ ਕਿਸੇ ਕੋਲੋਂ ਫੋਨ ਆਪਣੇ ਘਰ ਕਰਵਾਇਆ ਅਤੇ ਉਸਦੇ ਘਰ ਵਾਲਿਆਂ ਨੇ ਉਸ ਨੂੰ ਰਾਤ ਨੂੰ ਲੈ ਕੇ ਆਏ।
ਨੌਜਵਾਨ ਦੀ ਮਾਤਾ ਕ੍ਰਿਸ਼ਨਾ ਦੇਵੀ ਨੇ ਦੱਸਿਆ ਕਿ ਜਦੋਂ ਉਸ ਦਾ ਬੇਟਾ ਗਾਇਬ ਹੋਇਆ ਤਾਂ ਉਹ ਮੇਲੇ ਵਾਲੀ ਥਾਂ ’ਤੇ ਗਏ ਤਾਂ ਤਿੰਨ ਦਿਨ ਬਾਅਦ ਉਸ ਦਾ ਮੋਟਰਸਾਈਕਲ ਮਿਲ ਗਿਆ। ਇਸ ਸੰਬੰਧੀ ਉਨ੍ਹਾਂ ਵਲੋਂ ਨੰਗਲਭੂਰ ਥਾਣਾ ਵਿਚ ਵੀ ਸ਼ਿਕਾਇਤ ਦਰਜ ਕਰਵਾਈ ਪਰ ਨੰਗਲਭੂਰ ਥਾਣੇ ਵਾਲੇ ਕਹਿੰਦੇ, ਕਿ ਤੁਸੀਂ ਮੁਕੇਰੀਆਂ ਥਾਣੇ ਜਾਓ, ਮੁਕੇਰੀਆਂ ਵਾਲੇ ਉਸ ਨੂੰ ਨੰਗਲਭੂਰ ਥਾਣੇ ਭੇਜ ਦਿੰਦੇ, ਜਿਸ ਦੇ ਦੌਰਾਨ ਉਹ ਸਵਾ ਮਹੀਨਾ ਖੱਜਲ ਖੁਆਰ ਹੁੰਦੀ ਰਹੀ ਪਰ ਉਸ ਨੂੰ ਇਨਸਾਫ ਨਹੀਂ ਮਿਲਿਆ।
;
;
;
;
;
;
;
;
;