ਮੋਗਾ ਪੁਲਿਸ ਦੀ ਵੱਡੀ ਕਾਰਵਾਈ: 5 ਪਿਸਟਲ, 6 ਮੈਗਜ਼ੀਨ ਤੇ ਕਾਰਤੂਸਾਂ ਸਮੇਤ 2 ਦੋਸ਼ੀ ਗ੍ਰਿਫਤਾਰ
ਮੋਗਾ, 27 ਫਰਵਰੀ- ਪੰਜਾਬ ਪੁਲਿਸ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਏ ਜਾ ਰਹੇ ਆਪ੍ਰੇਸ਼ਨ ‘ਪ੍ਰਹਾਰ’ ਤਹਿਤ ਸੀ.ਆਈ.ਏ ਸਟਾਫ ਮੋਗਾ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5 ਪਿਸਟਲ, 6 ਮੈਗਜ਼ੀਨ ਅਤੇ 6 ਜ਼ਿੰਦਾ ਰੋਂਦ ਬਰਾਮਦ ਕੀਤੇ ਹਨ।
ਇਹ ਕਾਰਵਾਈ ਆਈ.ਜੀ ਫਰੀਦਕੋਟ ਰੇਂਜ ਸ੍ਰੀਮਤੀ ਨੀਲਾਂਬਰੀ ਜਗਦਲੇ (IPS) ਅਤੇ ਐਸ.ਐਸ.ਪੀ ਮੋਗਾ ਸ੍ਰੀ ਅਜੈ ਗਾਂਧੀ (IPS) ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਐਸ.ਪੀ (ਇਨਵੈਸਟਿਗੇਸ਼ਨ) ਸ੍ਰੀ ਬਾਲ ਕ੍ਰਿਸ਼ਨ ਸਿੰਗਲਾ ਅਤੇ ਡੀ.ਐਸ.ਪੀ ਸ੍ਰੀ ਸੁਖਅਮ੍ਰਿਤ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਦੀ ਟੀਮ ਨੇ ਕਾਰਵਾਈ ਨੂੰ ਅੰਜ਼ਾਮ ਦਿੱਤਾ।
ਮਿਤੀ 26 ਫਰਵਰੀ 2026 ਨੂੰ ਏ.ਐਸ.ਆਈ. ਲਵਜੀਤ ਸਿੰਘ ਸਮੇਤ ਪੁਲਿਸ ਪਾਰਟੀ ਕੋਟਕਪੁਰਾ ਬਾਈਪਾਸ ਮੋਗਾ ਫਲਾਈਓਵਰ ਹੇਠ ਮੌਜੂਦ ਸੀ, ਜਦੋਂ ਉਨ੍ਹਾਂ ਨੂੰ ਮੁਖਬਰ ਵਲੋਂ ਸੂਚਨਾ ਮਿਲੀ ਕਿ ਲਖਵਿੰਦਰ ਸਿੰਘ ਵਾਸੀ ਰੱਤੋਕੇ (ਤਰਨਤਾਰਨ) ਅਤੇ ਨਿਸ਼ਾਨ ਸਿੰਘ ਵਾਸੀ ਲਾਹੋਕੇ (ਤਰਨਤਾਰਨ) ਨਜਾਇਜ਼ ਹਥਿਆਰਾਂ ਸਮੇਤ ਮੋਗਾ ਵਿਚ ਘੁੰਮ ਰਹੇ ਹਨ ਅਤੇ ਦਿੱਲੀ ਕਲੋਨੀ ਨੇੜੇ ਕਿਸੇ ਦੀ ਉਡੀਕ ਕਰ ਰਹੇ ਹਨ।
ਸੂਚਨਾ ਨੂੰ ਭਰੋਸੇਯੋਗ ਮੰਨਦਿਆਂ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੱਸੇ ਸਥਾਨ ‘ਤੇ ਰੇਡ ਕੀਤੀ ਗਈ। ਇਸ ਦੌਰਾਨ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਲਖਵਿੰਦਰ ਸਿੰਘ ਕੋਲੋਂ ਇਕ ਗਲੋਕ 9 ਐਮ.ਐਮ ਪਿਸਟਲ, ਇਕ ਦੇਸੀ .32 ਬੋਰ ਪਿਸਟਲ, ਦੋ ਪਿਸਟਲ .30 ਬੋਰ ਸਮੇਤ ਮੈਗਜ਼ੀਨ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਨਿਸ਼ਾਨ ਸਿੰਘ ਕੋਲੋਂ ਇਕ ਦੇਸੀ .30 ਬੋਰ ਪਿਸਟਲ ਸਮੇਤ ਮੈਗਜ਼ੀਨ ਅਤੇ ਇੱਕ ਜ਼ਿੰਦਾ ਰੌਂਦ ਬਰਾਮਦ ਹੋਇਆ। ਇਸ ਤੋਂ ਇਲਾਵਾ ਇਕ ਮੋਬਾਈਲ ਫੋਨ ਵੀ ਕਬਜ਼ੇ ਵਿਚ ਲਿਆ ਗਿਆ। ਪੁਲਿਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਲਖਵਿੰਦਰ ਸਿੰਘ ਪਾਕਿਸਤਾਨ ਨਾਲ ਸੰਬੰਧਿਤ ਇਕ ਸਮੱਗਲਰ ਦੇ ਸੰਪਰਕ ਵਿਚ ਸੀ ਅਤੇ ਇਹ ਹਥਿਆਰ ਉੱਥੋਂ ਮੰਗਵਾਏ ਗਏ ਸਨ।
ਦੋਵੇਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਖੁਲਾਸੇ ਕੀਤੇ ਜਾ ਸਕਣ ਕਿ ਇਹ ਹਥਿਆਰ ਕਿਹੜੀਆਂ ਵਾਰਦਾਤਾਂ ਲਈ ਵਰਤੇ ਜਾਣੇ ਸਨ।
;
;
;
;
;
;
;
;